← ਪਿਛੇ ਪਰਤੋ
ਰੇਲਵੇ ਵਿਭਾਗ ਨੇ 50 ਸਾਲ ਪੁਰਾਣੇ ਨਜਾਇਜ਼ ਕਬਜ਼ੇ ਛੁਡਵਾਏ, ਇਮਾਰਤਾਂ ਤੇ ਖੋਖੇ ਢਾਹੇ ਲਵਪ੍ਰੀਤ ਸਿੰਘ ਖੁਸ਼ਹਾਲਪੁਰ ਕਲਾਨੌਰ, 14 ਮਈ, 2022: ਰੇਲਵੇ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਰੇਲਵੇ ਦੀ ਜ਼ਮੀਨ ’ਤੇ ਪਿਛਲੇ 50 ਸਾਲਾਂ ਤੋਂ ਕੀਤੇ ਨਜਾਇਜ਼ ਕਬਜ਼ੇ ਛੁਡਵਾ ਲਏ ਹਨ। ਰੇਲਵੇ ਨੇ ਖਾਲੀ ਇਮਾਰਤਾਂ ਤੇ ਨਜਾਇਜ਼ ਖੋਖਿਆਂ ਨੂੰ ਢਾਹ ਕੇ ਜ਼ਮੀਨ ਖਾਲੀ ਕਰਵਾਈ ਹੈ। ਇਹ ਜ਼ਮੀਨ ਗੁਰਦਾਸਪੁਰ ਰੇਲਵੇ ਫਾਟਕ ਨੇੜੇ ਸਥਿਤ ਹੈ। ਰੇਲਵੇ ਵਿਭਾਗ ਦੀ ਜ਼ਮੀਨ ਉਪਰ ਹੋਏ ਨਜਾਇਜ਼ ਕਬਜਿਆਂ ਨੂੰ ਹਟਾਉਣ ਦੇ ਲਈ ਰੇਲਵੇ ਵਿਭਾਗ ਵਲੋਂ ਇਮਾਰਤਾਂ ਉਪਰ ਪੀਲਾ ਪੰਜਾ ਚਲਾਇਆ ਗਿਆ। ਮੌਕੇ ’ਤੇ ਵੱਡੀ ਗਿਣਤੀ ਵਿੱਚ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਅਧਿਕਾਰੀਆਂ ਤਾਇਨਾਤ ਕੀਤੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਇੰਜੀਨੀਅਰ ਅਰੁਣ ਕੁਮਾਰ ਨੇ ਦੱਸਿਆ ਕੁੱਝ ਲੋਕਾਂ ਵਲੋਂ ਪਿੱਛਲੇ 50 ਸਾਲਾਂ ਤੋਂ ਰੇਲਵੇ ਵਿਭਾਗ ਦੀ ਜ਼ਮੀਨ ’ਤੇ ਕਬਜ਼ੇ ਕੀਤੇ ਹੋਏ ਸਨ। ਇਹਨਾਂ ਲੋਕਾਂ ਤੋਂ ਜ਼ਮੀਨ ਛੁਡਵਾਉਣ ਲਈ ਕਈ ਵਾਰ ਇਹਨਾਂ ਨੂੰ ਨੋਟਿਸ ਭੇਜੇ ਗਏ ਹਨ ਪਰ ਇਹਨਾਂ ਲੋਕਾਂ ਨੇ ਜ਼ਮੀਨ ਨਹੀਂ ਛੱਡੀ ਜਿਸ ਕਰਕੇ ਅੱਜ ਰੇਲਵੇ ਵਿਭਾਗ ਵਲੋਂ ਇਹਨਾਂ ਦੀਆਂ ਇਮਾਰਤਾਂ ਉਪਰ ਜੇਸੀਬੀ ਚਲਾ ਕੇ ਇਹ ਕਬਜੇ ਛੁਡਵਾਏ ਗਏ ਹਨ ਅਤੇ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਪਿਛਲੇ 50 ਸਾਲਾਂ ਤੋਂ ਇਸ ਜ਼ਮੀਨ ਵਿਚ ਆਪਣਾ ਕਾਰੋਬਾਰ ਕਰ ਰਹੇ ਹਨ ਪਰ ਰੇਲਵੇ ਵਿਭਾਗ ਨੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਢਾਹ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਰੇਲਵੇ ਵਿਭਾਗ ਨੇ ਇਹ ਜ਼ਮੀਨਾਂ ਖਾਲੀ ਕਰਵਾਉਣੀਆਂ ਹਨ ਤਾਂ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਜਾਂ ਫਿਰ ਇਸ ਦੇ ਬਦਲੇ ਕੋਈ ਹੋਰ ਜ਼ਮੀਨ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣਾ ਕਾਰੋਬਾਰ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ।
Total Responses : 940