ਇਤਿਹਾਸਿਕ ਹੋ ਨਿੱਬੜਿਆ ਕੈਲਗਰੀ ਦਾ ਨਗਰ ਕੀਰਤਨ
ਕਮਲਜੀਤ ਬੁੱਟਰ
ਕੈਲਗਰੀ, 15 ਮਈ, 2022: ਕੈਲਗਰੀ ਦਾ ਵਿਸਾਖੀ ਨਗਰ ਕੀਰਤਨ ਕਈ ਪੱਖਾਂ ਤੋਂ ਇਤਿਹਾਸਿਕ ਹੋ ਨਿੱਬੜਿਆ ਜਿਸ ‘ਚ ਸ਼ਾਮਲ ਹੋਣ ਲਈ ਸੰਗਤ ਦੂਜੇ ਸੂਬਿਆਂ ਤੋਂ ਵੀ ਸ਼ਾਮਲ ਹੋਈ ਜਿਸ ਕਾਰਨ ਇਸ ਵਾਰ ਇਕੱਠ 50 ਹਜ਼ਾਰ ਤੋਂ ਵੀ ਵੱਧ ਅਨੁਮਾਨਿਆ ਜਾ ਰਿਹਾ ਹੈ।
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਨਗਰ ਕੀਰਤਨ ਦੇ ਪ੍ਰਬੰਧਾਂ ਨੂੰ ਭਲੇ ਹੀ ਕਈ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਪਰ ਜਦੋਂ ਸਾਰਾ ਕੁੱਝ ਸਫਲਤਾਪੂਰਵਕ ਨੇਪਰੇ ਚੜ੍ਹ ਜਾਂਦਾ ਹੈ ਤਾਂ ਤੁਹਾਨੂੰ ਵੱਧ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਸਮੇਂ ਉਨ੍ਹਾਂ ਨੇ ਸਮੁੱਚੀ ਗੁਰਦੁਆਰਾ ਕਮੇਟੀ ਤੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪੋ-ਆਪਣੀ ਜ਼ੁੰਮੇਵਾਰੀ ਨੂੰ ਨੇਪਰੇ ਚਾੜਿਆ।
ਨਗਰ ਕੀਰਤਨ ‘ਚ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਵਿਸ਼ੇਸ਼ ਰੂਪ ‘ਚ ਸ਼ਿਰਕਤ ਕੀਤੀ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਨਗਰ ਕੀਰਤਨ ਕੈਲਗਰੀ ਦੇ ਵੱਡੇ ਧਾਰਮਿਕ ਪ੍ਰੋਗਰਾਮਾਂ ‘ਚੋਂ ਇਕ ਹੈ। ਇਸ ਸਮੇਂ ਉਨ੍ਹਾਂ ਨਾਲ ਮੈਂਬਰ ਪਾਰਲੀਮੈਂਟ ਜਸਰਾਜ ਸਿੰਘ ਹੱਲਣ, ਟਰਾਂਸਪੋਰਟ ਮੰਤਰੀ ਰਾਜਨ ਸਾਹਨੀ, ਵਿਧਾਇਕ ਤੇ ਦਵਿੰਦਰ ਤੂਰ ਸ਼ਾਮਲ ਸਨ।
ਕੈਲਗਰੀ ਦੀ ਮੇਅਰ ਜੋਤੀ ਗੌਂਡੇਕ, ਕੌਂਸਲਰ ਰਾਜ ਧਾਲੀਵਾਲ, ਐੱਨਡੀਪੀ ਆਗੂ ਰੇਚਲ ਨੌਟਲੀ, ਵਿਧਾਇਕ ਇਰਫਾਨ ਸਬੀਰ, ਵਿਧਾਇਕ ਪਦ ਦੇ ਉਮੀਦਵਾਰ ਪਰਮੀਤ ਸਿੰਘ ਬੋਪਾਰਾਏ ਤੇ ਗੁਰਿੰਦਰ ਬਰਾੜ ਨੇ ਵੀ ਨਗਰ ਕੀਰਤਨ ‘ਚ ਸ਼ਿਰਕਤ ਕੀਤੀ।