ਜਾ ਕੇ ਵੱਡੀਆਂ ਮੱਛੀਆਂ ਫੜੋ, ਸੁਪਰੀਮ ਕੋਰਟ ਨੇ ਕਿਸਾਨ ਖ਼ਿਲਾਫ਼ ਆਏ ਬੈਂਕ ਨੂੰ ਪਾਈ ਝਾੜ
ਨਵੀਂ ਦਿੱਲੀ, 18 ਮਈ, 2022: ਸੁਪਰੀਮ ਕੋਰਟ ਨੇ ਬੈਂਕ ਆਫ਼ ਮਹਾਰਾਸ਼ਟਰ ਵੱਲੋਂ ਇਕ ਕਿਸਾਨ ਦੇ ਖ਼ਿਲਾਫ਼ ਪਟੀਸ਼ਨ ਪਾਉਣ ’ਤੇ ਬੈਂਕ ਨੂੰ ਝਾੜ ਪਾਉਂਦਿਆਂ ਕਿਹਾ ਕਿ ਜਾ ਕੇ ਵੱਡੀਆਂ ਮੱਛੀਆਂ ਫੜੋ, ਸੁਪਰੀਮ ਕੋਰਟ ਵਿਚ ਅਜਿਹੀਆਂ ਪਟੀਸ਼ਨ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦੇਣਗੀਆਂ। ਇਹ ਟਿੱਪਣੀਆਂ ਜਸਟਿਸ ਡੀ ਵਾਈ ਚੰਦਰ ਚੂਹੜ ਤੇ ਜਸਟਿਸ ਸੂਰਿਆਂ ਕਾਂਤ ਨੇ ਜ਼ੁਬਾਨੀ ਕੀਤੀਆਂ।
ਉਹਨਾਂ ਕਿਹਾ ਕਿ ਜਿਹੜੇ ਹਜ਼ਾਰਾਂ ਕਰੋੜਾਂ ਲੁੱਟਦੇ ਹਨ, ਤੁਸੀਂ ਉਹਨਾਂ ਖਿਲਾਫ ਤਾਂ ਕੋਈ ਕੇਸ ਫਾਈਲ ਨਹੀਂ ਕਰਦੇ ਤੇ ਜਦੋਂ ਕਿਸਾਨਾਂ ਦਾ ਮਾਮਲਾ ਹੋਵੇ ਤਾਂ ਸਾਰਾ ਕਾਨੂੰਨ ਆ ਜਾਂਦਾ ਹੈ।
ਅਸਲ ਵਿਚ ਬੈਂਕ ਆਫ਼ ਮਹਾਰਾਸ਼ਟਰ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਰਾਹੀਂ ਬੈਂਕ ਨੇ ਕਿਸਾਨਾਂ ਵੱਲੋਂ 35 ਲੱਖ ਰੁਪਏ ਜਮਾਂ ਕਰਵਾ ਕੇ ਓ ਟੀ ਐਸ ਸਕੀਮ ਤਹਿਤ ਉਸ ਦਾ ਕਰਜ਼ਾ ਖ਼ਤਮ ਕਰਨ ਲਈ ਕਿਹਾ ਸੀ। ਓ ਟੀ ਐਸ ਤਹਿਤ ਕਰਜ਼ਾ 36 ਲੱਖ 50 ਹਜ਼ਾਰ ਬਣਦਾਸੀ ਪਰ ਬਾਅਦ ਵਿਚ ਬੈਂਕ ਦੀ ਐਸਟ ਰਿਕਵਰੀ ਸ਼ਾਖਾ ਨੇ50 ਲੱਖ 50 ਹਜ਼ਾਰ ਹੋਰ ਮੰਗ ਲਏ। ਇਸ ਦੇ ਖ਼ਿਲਾਫ਼ ਕਿਸਾਨ ਹਾਈਕੋਰਟ ਚਲਾ ਗਿਆ ਤੇ ਹਾਈ ਕੋਰਟ ਨੇ ਉਸ ਦੇ ਹੱਕ ਵਿਚ ਫ਼ੈਸਲਾ ਦਿੱਤਾ। ਸੁਪਰੀਮ ਕੋਰਟ ਨੇ ਬੈਂਕ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ।