ਹਲਕਾ ਅਮਰਗੜ੍ਹ ਦੇ ਜ਼ਮੀਨੀ ਰਕਬੇ ਨੂੰ ਨਹਿਰੀ ਪਾਣੀ ਦੇ ਘੇਰੇ ਹੇਠ ਲਿਆਉਣ ਦੀ ਮੰਗ ਜ਼ੋਰ ਫੜਨ ਲੱਗੀ
ਬਾਬੂਸ਼ਾਹੀ ਨੈੱਟਵਰਕ
ਅਮਰਗੜ੍ਹ /ਮਾਲੇਰਕੋਟਲਾ 18 ਮਈ 2022- ਧਰਤੀ ਹੇਠਲੇ ਪਾਣੀ ਦੇ 140 ਤੋਂ ਵੀ ਵੱਧ ਡੂੰਘਾਈ ਵੱਲ ਜਾਣ ਨੂੰ ਵੇਖਦੇ ਹੋਏ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ ਸਮੇਂ ਉਨ੍ਹਾਂ ਨੂੰ ਦਿੱਤੇ ਪੱਤਰ ਰਾਹੀਂ ਹਲਕਾ ਅਮਰਗੜ੍ਹ ਦੇ ਵਿੱਚ ਪੈਂਦੇ ਚਾਰ ਰਜਵਾਹਿਆਂ ਭਗਵਾਨਪੁਰਾ, ਲਸਾੜਾ, ਰੋਹੀੜਾ, ਅਤੇ ਮਾਹੋਰਾਣਾ ਮਾਈਨਰ ਦੀ ਲਗਪਗ 26 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਸਿਰੇ ਤੋਂ ਕਾਇਆ-ਕਲਪ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਹਲਕੇ ਦੇ ਕਰੀਬ 37000 ਏਕੜ ਤੋਂ ਜਿਆਦਾ ਜ਼ਮੀਨੀ ਰਕਬੇ ਨੂੰ ਨਹਿਰੀ ਪਾਣੀ ਦੇ ਘੇਰੇ ਹੇਠ ਲਿਆਉਣ ਲਈ ਮਹਾ-ਕਵਾਇਦ ਸ਼ੁਰੂ ਕਰ ਦਿੱਤੀ ਹੈ । ਭਗਵਾਨਪੁਰਾ ਰਜਬਾਹਾ ਇਸ ਸਮੇਂ ਮਹਿਜ਼ 4500 ਏਕੜ ਦੀ ਸਿੰਜਾਈ ਕਰਦਾ ਹੈ ਜਦ ਕਿ ਉਸ ਦੀ ਸਮਰੱਥਾ 23 ਹਜ਼ਾਰ ਏਕੜ ਦੇ ਕਰੀਬ ਹੈ ।
ਇਸ ਤੋਂ ਇਲਾਵਾ ਰੋਹੀੜਾ 5800 ਅਤੇ ਲਸਾੜਾ ਰਜਵਾਹੇ ਰਾਹੀਂ 7062 ਏਕੜ ਜ਼ਮੀਨ ਲਈ ਕਿਸਾਨ ਪਾਣੀ ਨੂੰ ਵਰਤਦੇ ਹਨ ਪਰ ਇਹ ਰਜਬਾਹੇ ਵੀ ਟੁੱਟ-ਭੱਜ ਅਤੇ ਘਾਹ ਫੂਸ ਦੇ ਕਾਰਨ ਸਮਰੱਥਾ ਪੂਰੀ ਨਹੀਂ ਕਰਦੇ । ਇਸੇ ਸੰਦਰਭ ਅੰਦਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਜੀਵਨ ਸਿੰਘ ਸਰੌਦ ,ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਹਰਬੰਸ ਸਿੰਘ ਚੌਂਦਾ, ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਮੁੱਖ ਬੁਲਾਰੇ ਗੁਰਵਿੰਦਰ ਸਿੰਘ ਰਟੌਲ, ਮੀਤ ਪ੍ਰਧਾਨ ਹਰਜੀਤ ਸਿੰਘ ਭੈਣੀ, ਡਾ. ਪਰਮਜੀਤ ਸਿੰਘ ਗੁਆਰਾ,ਗੁਰਜੀਤ ਸਿੰਘ ਸਿੱਧੂ ਅਤੇ ਅਲਵੇਲ ਸਿੰਘ ਨੰਗਲ ਵੱਲੋਂ ਹਲਕੇ ਅੰਦਰ ਨਹਿਰੀ ਪਾਣੀ ਦੀ ਅਣਹੋਂਦ ਦੇ ਚੱਲਦਿਆਂ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ ਪਾਉਣ ਦੇ ਲਈ ਹਲਕਾ ਵਿਧਾਇਕ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਿਆਸਤ ਤੋਂ ਉਪਰ ਉੱਠ ਕੇ ਸ਼ਲਾਘਾ ਕਰਦਿਆਂ ਆਖਿਆ ਕਿ ਸਰਕਾਰ ਨੂੰ ਵੱਡੇ ਪੱਧਰ ਤੇ ਇਸ ਸਬੰਧੀ ਚਾਰਾਜੋਈ ਕਰਨ ਦੀ ਲੋੜ ਹੈ ਤਾਂ ਕਿ ਧਰਤੀ ਹੇਠਲੇ ਪਾਣੀ ਵਿੱਚ ਟੀ.ਡੀ.ਐੱਸ. ਦੀ ਵੱਧ ਮਾਤਰਾ ਦੇ ਕਾਰਨ ਮਨੁੱਖੀ ਸਿਹਤ ਅਤੇ ਜੋ ਉਪਜਾਊ ਜ਼ਮੀਨਾਂ ਬੰਜਰ ਬਣਨ ਵੱਲ ਵਧ ਰਹੀਆਂ ਹਨ ਉਨ੍ਹਾਂ ਨੂੰ ਮੁੜ ਤੋਂ ਪਹਿਲੀ ਹਾਲਤ ਵਿੱਚ ਲਿਆਂਦਾ ਜਾ ਸਕੇ ਅਤੇ ਨਹਿਰੀ ਪਾਣੀ ਦੀ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਨੂੰ ਵੀ ਰੋਕਿਆ ਜਾ ਸਕੇਗਾ । ਆਗੂਆਂ ਨੇ ਆਖਿਆ ਕਿ ਜੇਕਰ ਇਹ ਮੰਗ ਪੂਰੀ ਹੁੰਦੀ ਹੈ ਤਾਂ ਇਹ ਹਲਕਾ ਅਮਰਗਡ਼੍ਹ ਦੇ ਜ਼ਮੀਨੀ ਰਕਬੇ ਲਈ 'ਸੰਜੀਵਨੀ ਬੂਟੀ' ਦਾ ਕੰਮ ਕਰੇਗੀ ।