ਡਿਪਟੀ ਕਮਿਸ਼ਨਰ ਵਲੋਂ ਬਜ਼ੁਰਗ ਔਰਤ ਨੂੰ ਪਤੀ ਦੇ ਇਲਾਜ ਲਈ 50000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ
ਰੈਡ ਕਰਾਸ ਸੁਸਾਇਟੀ ਨੂੰ ਬਿਸਤਰੇ ’ਤੇ ਪਏ ਮਰੀਜ਼ ਲਈ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਉਣ ਦੀਆਂ ਕੀਤੀਆਂ ਹਦਾਇਤਾਂ
ਜਲੰਧਰ, 19 ਮਈ, 2022ਯ
ਸਮਾਜ ਦੇ ਕਮਜ਼ੋਰ ਤਬਕੇ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਬਜ਼ੁਰਗ ਔਰਤ ਦੀ ਵਿੱਤੀ ਹਾਲਤ ਨੂੰ ਦੇਖਦਿਆਂ ਉਸ ਨੂੰ ਆਪਣੇ ਬਜ਼ੁਰਗ ਪਤੀ ਦੇ ਇਲਾਜ ਲਈ 50000 ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ।
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਜਾਰੀ ਚੈਕ ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਦੇ ਕਮਜ਼ੋਰ ਤਬਕੇ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਨਗਰ, ਮਕਸੂਦਾਂ ਦੀ ਇਕ ਬਜ਼ੁਰਗ ਔਰਤ ਵਲੋਂ ਬਿਸਤਰੇ ’ਤੇ ਪਏ ਆਪਣੇ 85 ਸਾਲਾ ਬੁਜ਼ਰਗ ਪਤੀ ਦੀ ਦੇਖਭਾਲ ਤੋਂ ਇਲਾਵਾ ਆਪਣੀਆਂ ਵਿੱਤੀ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪਾਸ ਪਹੁੰਚ ਕੀਤੀ ਗਈ।
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਸਕੱਤਰ ਰੈਡ ਕਰਾਸ ਸੁਸਾਇਟੀ ਵਲੋਂ ਬਜ਼ੁਰਗ ਔਰਤ ਦੇ ਘਰ ਜਾ ਕਿ ਉਸ ਦੇ ਪਰਿਵਾਰ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਇਸ ਸਬੰਧੀ ਸਾਰੀ ਸਥਿਤੀ ਤੋਂ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ। ਇਸ ’ਤੇ ਤੁਰੰਤ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਰਾਹਤ ਸੁਸਾਇਟੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਫੰਡਜ਼ ਵਿਚੋਂ 50000 ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਜਾਰੀ ਕੀਤਾ ਗਿਆ। ਉਨ੍ਹਾਂ ਰੈਡ ਕਰਾਸ ਸੁਸਾਇਟੀ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਕਿ ਤੁਰੰਤ ਉਸ ਦੇ ਬਿਮਾਰ ਪਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਅਤੇ ਡਾਕਟਰਾਂ ਵਲੋਂ ਵਧੀਆ ਤੋਂ ਵਧੀਆ ਇਲਾਜ ਨੂੰ ਯਕੀਨੀ ਬਣਾਇਆ ਜਾਵੇ। ਜ਼ਿਕਰਯੋਗ ਹੈ ਕਿ ਬਜ਼ੁਰਗ ਔਰਤ ਦਾ ਪਤੀ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਪ੍ਰਿੰਸੀਪਲ ਹੈ ਪਰ ਅਦਾਲਤ ਵਿੱਚ ਕੇਸ ਹੋਣ ਦੇ ਕਾਰਨ ਉਹ ਆਪਣੇ ਵਿੱਤੀ ਬਕਾਏ ਪ੍ਰਾਪਤ ਨਹੀਂ ਕਰ ਸਕੇ ਹਨ, ਜਿਸ ਕਰਕੇ ਪਰਿਵਾਰ ਨੂੰ ਇਨ੍ਹਾਂ ਵਿੱਤੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥੋਰੀ ਨੇ ਬਜ਼ੁਰਗ ਔਰਤ ਨੂੰ ਉਸ ਦੇ ਪਤੀ ਦੇ ਇਲਾਜ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਲੋੜੀਂਦਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦੁਆਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਇਸ ਪਰਿਵਾਰ ਨੂੰ 20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਦੇ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਲਈ ਪਰਿਵਾਰ ਦੀ ਜ਼ਰੂਰਤ ਅਨੁਸਾਰ ਹੋਰ ਸਹਾਇਤਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਜਦੋਂ ਵੀ ਕੋਈ ਲੋੜਵੰਦ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਈ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ ।