ਦੁਰਗਾ ਮਾਤਾ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤੋਂ ਕਰਨ ਵਾਲ਼ਾ ਗ੍ਰਿਫਤਾਰ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਪਟਿਆਲਾ 19 ਮਈ 2022:ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿਖੇ ਹੋਈ ਘਟਨਾ ਦੇ ਦੌਰਾਨ ਫੁਹਾਰਾ ਚੌਕ ਪਟਿਆਲਾ 'ਤੇ ਇਕ ਵਿਅਕਤੀ ਜਿਸ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ ਵੱਲੋਂ ਸ੍ਰੀ ਦੁਰਗਾ ਮਾਤਾ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਸਬੰਧੀ ਇੱਕ ਵੀਡੀਓ ਇੰਟਰਨੈਟ ਉਤੇ ਵਾਇਰਲ ਹੋਈ ਸੀ ਜਿਸ ਸਬੰਧੀ ਮੁਕੱਦਮਾ ਥਾਣਾ ਸਿਵਲ ਲਾਇਨ ਦਰਜ ਕਰ ਕੇ ਤਫਤੀਸ਼ ਆਰੰਭ ਕੀਤੀ ਗਈ । ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਇਸ ਕੇਸ ਵਿੱਚ ਲੋੜੀਂਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਸੀ.ਆਈ.ਏ ਸਟਾਫ ਪਟਿਆਲਾ ਦੀਆਂ ਵੱਖ-2 ਟੀਮਾਂ ਵੱਲੋਂ ਮਹਾਰਾਸ਼ਟਰ, ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਤਲਾਸ਼ ਕੀਤੀ ਗਈ।
ਜੋ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਵੱਲੋਂ ਲਗਾਤਾਰ 07 ਦਿਨਾਂ ਦੀ ਤਲਾਸ਼ ਉਪਰੰਤ ਰਵਿੰਦਰ ਸਿੰਘ ਉਰਫ ਅਮਰੀਕ ਸਿੰਘ ਉਰਫ ਰਣਜੀਤ ਸਿੰਘ ਉਰਫ ਕਾਕਾ ਪੁੱਤਰ ਹੁਕਮ ਚੰਦ ਵਾਸੀ ਪਿੰਡ ਹੀਰੋ ਖੁਰਦ ਜ਼ਿਲ੍ਹਾ ਮਾਨਸਾ ਹਾਲ ਵਾਸੀ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ। ।ਰਿਵਾਲਸਰ ਰੋਡ ਥਾਣਾ ਸਦਰ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰਵਿੰਦਰ ਸਿੰਘ ਉਰਫ ਅਮਰੀਕ ਸਿੰਘ ਉਰਫ ਰਣਜੀਤ ਸਿੰਘ ਉਰਫ ਕਾਕਾ ਪੁੱਤਰ ਹੁਕਮ ਚੰਦ ਉਕਤ ਦੀ ਮੁਢਲੀ ਪੁੱਛਗਿੱਛ ਤੋਂ ਪਾਇਆ ਗਿਆ ਹੈ ਕਿ ਇਹ ਪਿੰਡ ਹੀਰੋ ਖੁਰਦ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਕੁੱਝ ਸਮਾਂ ਬਠਿੰਡਾ ਵਿਖੇ ਰਹਿੰਦਾ ਰਿਹਾ ਹੈ ਜਿਸ ਨੂੰ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ