ਸੀ.ਪੀ.ਆਈ ( ਐਮ ) ਦਾ ਉਦੇਸ਼ ਫਿਰਕੂ ਪਾੜ ਪਾਉਣ ਵਾਲੀ ਭਾਜਪਾ ਆਰ.ਐਸ.ਐਸ ਤੇ ਕਾਰਪੋਰੇਟ ਘਰਾਣਿਆਂ ਦਾ ਨਾਪਾਕ ਗਠਜੋੜ ਤੋੜਨਾ-ਕਾਮਰੇਡ ਸੇਖੋਂ
ਕੁਲ ਹਿੰਦ ਕਿਸਾਨ ਸਭਾ ਦੀ ਸੂਬਾਈ ਕਾਨਫਰੰਸ ਤਰਨ ਤਾਰਨ ਵਿਖੇ 27 ਤੇ 28 ਅਗਸਤ ਨੂੰ
ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ 20 ਮਈ, 2022,ਸੀਪੀਆਈ ( ਐਮ ) ਦੀ ਜ਼ਿਲ੍ਹਾ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਕਰਤਾਰ ਸਿੰਘ ਮਹੋਲੀ ਦੀ ਪ੍ਰਧਾਨਗੀ ਹੇਠ ਸਥਾਨਕ ਸਿੱਧਾ ਪੁੱਟਾ ਭਵਨ ਪਾਰਟੀ ਦਫਤਰ ਵਿਖੇ ਹੋਈ । ਮੀਟਿੰਗ ਵਿਚ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ' ਤੇ ਸ਼ਿਰਕਤ ਕੀਤੀ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਸੇਖੋਂ ਨੇ ਦੱਸਿਆ ਕਿ 27 ਤੇ 28 ਅਗਸਤ ਨੂੰ ਕੁਲ ਹਿੰਦ ਕਿਸਾਨ ਸਭਾ ਦੀ ਸੂਬਾਈ ਕਾਨਫਰੰਸ ਤਰਨ ਤਾਰਨ ਵਿਖੇ ਹੋਵੇਗੀ , ਜਿਸ ਵਿਚ ਵੱਡੀ ਗਿਣਤੀ ਵਿੱਚ ਡੈਲੀਗੇਟ ਹਿੱਸਾ ਲੈਣਗੇ । ਇਸ ਦੋ ਦਿਨਾਂ ਕਾਨਫਰੰਸ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਤੇ ਪੋਲਿਟ ਬਿਊਰੋ ਮੈਂਬਰ ਅਸ਼ੋਕ ਧਾਵਲੇ ਤੋਂ ਇਲਾਵਾ ਸੀਪੀਆਈ ( ਐਮ ) ਦੇ ਸੀਨੀਅਰ ਆਗੂ ਸੰਬੋਧਨ ਕਰਨਗੇ । ਇਸ ਲਈ ਸਵਾਗਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ , ਜਿਸ ਵਿੱਚ ਕਾਮਰੇਡ ਸੇਖੋਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਸਿਰ ਕਰੀਬ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ , ਦੂਜੇ ਪਾਸੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਵਿੱਚ ਆਉਂਦਿਆ ਹੀ 8000 ਕਰੋੜ ਦਾ ਕਰਜ਼ਾ ਚੁੱਕ ਕੇ ਆਪਣੀ ਨਾਕਾਮੀ ਦਾ ਸਬੂਤ ਦੇ ਦਿੱਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਗੁਜਰਾਤ ਤੇ ਦਿੱਲੀ ਦੀਆਂ ਅਖ਼ਬਾਰਾਂ ਵਿੱਚ ਛਪਵਾਕੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਸਰਕਾਰ ਬਣਨ ' ਤੇ ਤੁਰੰਤ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ ਪਰ 2 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ। ਜਿਸ ਕਾਰਨ ਵੱਖ - ਵੱਖ ਵਰਗਾਂ ਵਿੱਚ ਸਰਕਾਰ ਖ਼ਿਲਾਫ਼ ਨਿਰਾਸ਼ਤਾ ਪੈਦਾ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਿਸਾਨਾਂ ਵਲੋਂ ਚੰਡੀਗੜ੍ਹ ਵਿਖੇ ਦਿੱਤੇ ਗਏ ਰੋਸ ਮੁਜ਼ਾਹਰੇ ਦਾ ਪੂਰਨ ਸਮਰਥਨ ਕੀਤਾ ।
ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਜੋ ਕਿਸਾਨੀ ਮੰਗਾਂ ' ਤੇ ਸਹਿਮਤੀ ਬਣੀ ਹੈ , ਪੰਜਾਬ ਸਰਕਾਰ ਉਨ੍ਹਾਂ ` ਤੇ ਸੁਹਿਰਦਤਾ ਨਾਲ ਅਮਲ ਕਰੋ । ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ । ਕਿਉਂ ਕਿ ਇਸ ਨਾਲ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ ਤੇ ਕਈ ਥਾਵਾਂ ਤੋਂ ਜਾਨੀ ਤੇ ਮਾਲੀ ਨੁਕਸਾਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ । ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਦੇਸ਼ ਵਿਚ ਧਰਮ ਨਿਰਪੱਖਤਾ ਨੂੰ ਖ਼ਤਮ ਕਰਕੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਚਲਾ ਰਹੀਆਂ ਹਨ । ਜਿਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੀਪੀਆਈ ( ਐਮ ) ਦਾ ਉਦੇਸ਼ ਫਿਰਕੂ ਪਾੜ ਪਾਉਣ ਵਾਲੀ ਭਾਜਪਾ ਆਰਐਸਐਸ ਤੇ ਕਾਰਪੋਰੇਟ ਘਰਾਣਿਆਂ ਦਾ ਨਾਪਾਕ ਗਠਜੋੜ ਤੋੜਨਾ ਹੈ ।
ਕਿਉਂ ਭਾਜਪਾ ਇਲੈਕਸ਼ਨ ਬਾਂਡ ਦੀ ਆੜ ਹੇਠਾਂ ਕਾਰਪੋਰੇਟ ਘਰਾਣਿਆਂ ਕੋਲੋਂ ਅਰਬਾਂ ਰੁਪਏ ਦਾ ਚੋਣ ਫੰਡ ਲੈ ਰਹੀ ਹੈ । ਇਲੈਕਸ਼ਨ ਬਾਂਡ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਨੇ ਕੋਈ ਵੀ ਪਾਰਦਰਸ਼ਤਾ ਦਾ ਪੈਮਾਨਾ ਨਹੀਂ ਰੱਖਿਆ । ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ 15 ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ । ਜਦਕਿ ਅਡਾਨੀ ਤੇ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ | ਉਨ੍ਹਾਂ ਕਿਹਾ ਕਿ ਸੀਪੀਆਈ ( ਐਮ ) ਫਿਰਕਾਪ੍ਰਸਤ ਵਿਚਾਰਧਾਰਾ ਦਾ ਡਟ ਕੇ ਵਿਰੋਧ ਕਰਦੀ ਰਹੇਗੀ । ਇਸ ਮੌਕੇ ਜ਼ਿਲ੍ਹਾ ਕਨਵੀਨਰ ਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਅਬਦੁਲ ਸਤਾਰ ਨੇ ਦੱਸਿਆ ਕਿ ਇਹ ਮੀਟਿੰਗ ਤਹਿਸੀਲ ਫੰਡ, ਜ਼ਿਲ੍ਹਾ ਫੰਡ ਪਾਰਟੀ ਨੂੰ ਜੱਥੇਬੰਦਕ ਕਰਨਾ ਅਤੇ ਸਾਰੀਆਂ ਜਥੇਬੰਦੀਆਂ ਦੀਆਂ ਚੋਣਾਂ ਕਰਵਾਉਣ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਹੈ ।ਕਾਮਰੇਡ ਅਬਦੁਲ ਸਤਾਰ ਤੇ ਜਿਲ੍ਹਾ ਕਮੇਟੀ ਵੱਲੋਂ ਮੁਹੰਮਦ ਸਤਾਰ ਆਬਾਸ ਪੂਰਾ ਨੂੰ ਤਹਿਸੀਲ ਮਲੇਰਕੋਟਲਾ ਅਤੇ ਅਮਰਗੜ੍ਹ ਦਾ ਸਕਤੱਰ ਬਣਾਇਆ ਗਿਆ। ਕਾਮਰੇਡ ਨੇ ਦੱਸਿਆ ਕਿ 20 ਮਈ ਨੂੰ ਵੱਧ ਰਹੀ ਮਹਿੰਗਾਈ ਦੇ ਖਿਲਾਫ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ , ਕਾਮਰੇਡ ਜਰਨੈਲ ਸਿੰਘ ਮਿੱਠੇਵਾਲ, ਹਰਮੀਤ ਸਿੰਘ ਬਾਗੜੀਆਂ, ਕਾਮਰੇਡ ਅਮਨਦੀਪ ਸਿੰਘ, ਕਾਮਰੇਡ ਮੁਹੱਮਦ ਹਲੀਮ, ਕਾਮਰੇਡ ਦਰਸ਼ਨ ਸਿੰਘ ਕੁਠਾਲਾ, ਕਾਮਰੇਡ ਮੁਹੱਮਦ ਸਲੀਮ, ਕਾਮਰੇਡ ਅਬਦੁਲ ਗ਼ਫ਼ੂਰ, ਕਾਮਰੇਡ ਬੱਗਾ ਸਿੰਘ ਅਤੇ ਕਾਮਰੇਡ ਮੁਹੱਮਦ ਸਲੀਮ ਬਾਗਵਾਲਾ ਆਦਿ ਹਾਜ਼ਰ ਹੋਏ।