ਖੰਨਾ : ਫਿਲਮੀ ਸਟਾਇਲ ਚ ਨਕਲੀ ਪੁਲਿਸ ਵਾਲੇ ਬਣ ਕੇ ਕਾਰ ਤੇ ਨਕਦੀ ਖੋਹੀ
ਰਵਿੰਦਰ ਸਿੰਘ ਢਿੱਲੋਂ, ਬਾਬੂਸ਼ਾਹੀ ਨੈੱਟਵਰਕ
ਖੰਨਾ, 21ਮਈ 2022- ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ਉਪਰ ਖੰਨਾ ਚ ਫਿਲਮੀ ਸਟਾਇਲ ਚ ਨਕਲੀ ਪੁਲਿਸ ਵਾਲੇ ਬਣ ਕੇ ਮਨੀ ਐਕਸਚੇਂਜਰ ਦੇ ਕਾਰਿੰਦਿਆਂ ਕੋਲੋਂ ਬ੍ਰੀਜਾ ਕਾਰ, ਨਕਦੀ ਤੇ ਹੋਰ ਸਾਮਾਨ ਖੋਹ ਲਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਸਾਢੇ 9 ਵਜੇ ਹੀ ਇਹ ਵਾਰਦਾਤ ਕੀਤੀ ਜਾਂਦੀ ਹੈ । ਜਿਸ ਨੂੰ ਲੈ ਕੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਤੇ ਹਾਈਟੈਕ ਨਾਕਿਆਂ ਉਪਰ ਵੀ ਸਵਾਲ ਉਠਦੇ ਹਨ।
ਦਿੱਲੀ ਤੋਂ ਜਗਰਾਉਂ ਕਾਰ ਲੈ ਜਾ ਰਹੇ ਰਵੀ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਮਾਲਕਾਂ ਨੇ ਦਿੱਲੀ ਭੇਜਿਆ ਸੀ। ਮਾਲਕਾਂ ਦਾ ਮਨੀ ਐਕਸਚੇਂਜ ਤੇ ਕੱਪੜੇ ਦਾ ਕੰਮ ਹੈ। ਉਹ ਕੱਪੜਾ ਵੀ ਲੈ ਕੇ ਆਏ ਸੀ। ਉਸਦੇ ਨਾਲ ਅਜੈ ਕੁਮਾਰ ਸੀ। ਦੋਵੇਂ ਜਦੋਂ ਖੰਨਾ ਤੋਂ ਕਰੀਬ 5 ਕਿਲੋਮੀਟਰ ਅੱਗੇ ਗਏ ਤਾਂ ਤਿੰਨ ਕਾਰਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ। ਕਾਰਾਂ ਤੋਂ ਖਾਕੀ ਪੱਗਾ ਵਾਲੇ ਵਿਅਕਤੀ ਨਿਕਲੇ ਜੋ ਖੁਦ ਨੂੰ ਪੁਲਸ ਵਾਲੇ ਦੱਸਦੇ ਹੋਏ ਉਹਨਾਂ ਨੂੰ ਧਮਕਾਉਣ ਲੱਗੇ। ਇਹਨਾਂ ਨੇ ਪੁਲਸ ਵਾਲੇ ਹੀ ਮਾਸਕ ਪਾਏ ਹੋਏ ਸੀ। ਇਸੇ ਦੌਰਾਨ ਉਹਨਾਂ ਦੀ ਬ੍ਰੀਜਾ ਕਾਰ ਖੋਹ ਲਈ ਗਈ ਅਤੇ ਚਾਰੋਂ ਗੱਡੀਆਂ ਚ ਲੁਟੇਰੇ ਫਰਾਰ ਹੋ ਗਏ। ਗੱਡੀ ਦੇ ਮਾਲਕ ਨਿਤਿਨ ਗੋਇਲ ਨੇ ਦੱਸਿਆ ਕਿ ਜਦੋਂ ਉਹ 10 ਵਜੇ ਦੇ ਕਰੀਬ ਸੌਣ ਲੱਗੇ ਸੀ ਤਾਂ ਕਿਸੇ ਦੇ ਫੋਨ ਤੋਂ ਰਵੀ ਕੁਮਾਰ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਕੋਲੋਂ ਗੱਡੀ ਖੋਹ ਲਈ ਗਈ ਹੈ। ਰਾਸ਼ਟਰੀ ਰਾਜ ਮਾਰਗ ਤੋਂ ਅਜਿਹੀ ਲੁੱਟ ਦੀ ਵਾਰਦਾਤ ਹੋਣਾ ਚਿੰਤਾ ਦਾ ਵਿਸ਼ਾ ਹੈ।
ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ। ਛੇਤੀ ਹੀ ਲੁਟੇਰਿਆਂ ਦਾ ਪਤਾ ਲਗਾਇਆ ਜਾਵੇਗਾ।