ਸ਼੍ਰੀ ਕਰਤਾਰਪੁਰ ਸਾਹਿਬ(ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਨ ਲਈ ਜੈਕਾਰਿਆਂ ਦੀ ਗੂੰਜ 'ਚ ਸੰਗਤਾਂ ਦਾ ਜੱਥਾ ਹੋਇਆ ਰਵਾਨਾ
ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਸ਼੍ਰੀ ਕਰਤਾਰਪੁਰ ਸਾਹਿਬ ਦਾ ਸਾਂਝਾ ਕਾਰੀਡੋਰ ਮੁੜ ਖੁੱਲਣਾ ਇੱਕ ਸੁੱਖਦ ਸੰਦੇਸ਼ - ਜਸਪਾਲ ਸਿੰਘ ਕੋਹਲੀ
ਲੁਧਿਆਣਾ, 22 ਮਈ 2022- ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਹਾਸਕ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਅੱਜ ਸਵੇਰੇ ਦੀ ਫਰੈਡਜ ਵੈਲਫੇਅਰ ਐਸੋਸੀਏਸ਼ਨ ਰਜਿ. ਏ ਬਲਾਕ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੇ ਪ੍ਰਧਾਨ ਸ.ਜਸਪਾਲ ਸਿੰਘ ਕੋਹਲੀ ਦੀ ਯੋਗ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਵਿੱਚ
ਵਿਸ਼ੇਸ਼ ਬੱਸ ਰਾਹੀਂ ਡੇਰਾ ਬਾਬਾ ਨਾਨਕ ਰਵਾਨਾ ਹੋਇਆ। ਜੱਥੇ ਦੀ ਰਵਾਨਗੀ ਤੋ ਪਹਿਲਾਂ ਪੱਤਰਕਾਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸ.ਜਸਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਮੁਕੱਦਸ ਅਸਥਾਨ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਨ ਲਈ ਜਾ ਰਹੀਆਂ ਸੰਗਤਾਂ ਵੱਡਭਾਗੀਆਂ ਹਨ ਜਿੰਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਆਪਾਰ ਕ੍ਰਿਪਾ ਸਦਕਾ ਅੱਜ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਅੱਜ ਜਾ ਰਹੇ ਇੱਕ ਸੋ ਇੱਕ ਮੈਬਰੀ ਜੱਥੇ ਵਿੱਚ ਸ਼ਾਮਲ ਸੰਗਤਾਂ ਦੇ ਅੰਦਰ ਉਕਤ ਯਾਤਰਾ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਦੇ ਉੱਚ ਅਧਿਕਾਰੀਆਂ ਦਾ ਜੋ਼ਰਦਾਰ ਸ਼ਬਦਾਂ ਵਿੱਚ ਧੰਨਵਾਦ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਮੁੱਖ ਰੱਖਦਿਆਂ ਹੋਇਆ ਡੇਰਾ ਬਾਬਾ ਨਾਨਕ ਤੋ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਬਣੇ ਸਾਂਝੇ ਕਾਰੀਡੋਰ ਨੂੰ ਮੁੜ ਸੰਗਤਾਂ ਲਈ ਜੋ ਖੋਹਲਣ ਦਾ ਉਪਰਾਲਾ ਉਨ੍ਹਾਂ ਨੇ ਕੀਤਾ ਹੈ।ਉਹ ਇੱਕ ਸ਼ਲਾਘਾਯੋਗ ਕਾਰਜ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਸਮੁੱਚੇ ਸੰਸਾਰ ਅੰਦਰ ਫੈਲੀ ਭਿਆਨਕ ਮਹਾਂਮਾਰੀ ਕਰੋਨਾ ਦੇ ਮੱਦੇਨਜ਼ਰ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਸੰਗਤਾਂ( ਯਾਤਰੂਆਂ) ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸ਼੍ਰੀ ਕਰਤਾਰਪੁਰ ਸਾਹਿਬ ਦੇ ਸਾਂਝੇ ਕਾਰੀਡੋਰ ਨੂੰ ਅਣਮੀਥੇ ਸਮੇਂ ਲਈ ਬੰਦ ਕਰ ਦਿੱਤਾ ਸੀ। ਪਰ ਹੁਣ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਕਰੋਨਾ ਦਾ ਪ੍ਰਕੋਪ ਵੀ ਘੱਟ ਹੋ ਚੁੱਕਾ ਹੈ ,ਖਾਸ ਕਰਕੇ ਦੋਹਾਂ ਮੁਲਕਾਂ ਦੇ ਹਲਾਤ ਵੀ ਕਾਫੀ ਸਾਜਗਾਰ ਹੋ ਚੁੱਕੇ ਹਨ। ਜਿਸ ਦੇ ਮੱਦੇਨਜ਼ਰ ਦੋਹਾਂ ਮੁਲਕਾਂ ਵਿਚਲੇ ਅਮਨ ਤੇ ਭਾਈਚਾਰੇ ਦੇ ਪ੍ਰਤੀਕ ਬਣੇ ਸਾਂਝੇ ਲਾਂਘੇ ਨੂੰ ਸੰਗਤਾਂ ਲਈ ਖੋਹਲਣਾ ਇੱਕ ਸੁਖਦ ਸੰਦੇਸ਼ ਹੈ। ਇਸ ਦੌਰਾਨ ਸ.ਕੋਹਲੀ ਨੇ ਪਾਕਿਸਤਾਨ ਦੇ ਅਧਿਕਾਰੀਆਂ ਤੋ ਮੰਗ ਕੀਤੀ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਪਿਆਰ ਭਰੇ ਰਿਸ਼ਤਿਆਂ ਦੀ ਸਾਂਝ ਨੂੰ ਹੋਰ ਮਜਬੂਤ ਕਰਨ ਲਈ ਵੀਜ਼ਾ ਪ੍ਰਣਾਲੀ ਨੂੰ ਹੋਰ ਸਰਲ ਕੀਤਾ ਜਾਵੇ ਤਾਂ ਕਿ ਲਹਿੰਦੇ ਤੇ ਚੜਦੇ ਪੰਜਾਬ ਵਿੱਚ ਹੋਰ ਤਰੱਕੀ ਤੇ ਖੁਸ਼ਹਾਲੀ ਦਾ ਮਾਹੌਲ ਕਾਇਮ ਹੋ ਸਕੇ।ਇਸ ਸਮੇਂ ਉਨ੍ਹਾਂ ਦੇ ਨਾਲ ਸ.ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ, ਗੁਰਮੀਤ ਸਿੰਘ ਸਲੂਜਾ ਪਰਮਿੰਦਰ ਸਿੰਘ ਬੱਤਰਾ ਇੰਦਰਜੀਤ ਸਿੰਘ ਛਾਬੜਾ, ਸ਼ਮਸ਼ੇਰ ਸਿੰਘ ਚਾਵਲਾ,ਖੁਸ਼ਹਾਲ ਸਿੰਘ ਕਾਲੜਾ, ਜੋਗਿੰਦਰ ਕੁਮਾਰ ਗੁਲਾਟੀ, ਅਜੀਤ ਸਿੰਘ ਬੱਤਰਾ, ਭੁਪਿੰਦਰ ਸਿੰਘ ਚਾਵਲਾ, ਹਰਦੀਪ ਸਿੰਘ ਮਦਾਨ ਤੇ ਚਰਨਜੀਤ ਸਿੰਘ ਗੁੰਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।