ਕੌਮੀ ਖਾਦ ਕਾਰਖਾਨੇ ਦੇ ਮੁਲਾਜ਼ਮਾਂ ਨੂੰ ਦਿੱਤੀ ਫਸਟ ਏਡ ਦੀ ਸਿਖਲਾਈ
ਅਸ਼ੋਕ ਵਰਮਾ
ਬਠਿੰਡਾ,22ਮਈ2022: ਭਾਰਤੀ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਸ਼ਾਖਾ ਬਠਿੰਡਾ ਵੱਲੋਂ ਨੈਸ਼ਨਲ ਫਰਟੀਲਾਈਜ਼ਰਜ ਲਿਮਟਿਡ ਦੇ ਬਠਿੰਡਾ ਯੂਨਿਟ ਦੇ ਵਰਕਰਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦੇਣ ਲਈ ਐੱਚਆਰਡੀ ਹਾਲ ਵਿੱਚ 4 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸੇਂਟ ਜਾੱਨ ਐਂਬੂਲੈਂਸ ਤੋਂ ਪਹੁੰਚੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਵਰਕਰਾਂ ਨੂੰ ਹਾਦਸਿਆਂ ਦੌਰਾਨ ਜੀਵਨ ਬਚਾਉਣ ਦੇ ਢੰਗ ਤਰੀਕੇ ਸਿਖਾਏ।ਟ੍ਰੇਨਿੰਗ ਪ੍ਰੋਗਰਾਮ ਦੇ ਰਸਮੀਂ ਉਦਘਾਟਨ ਦੌਰਾਨ ਐੱਨਐੱਫਐੱਲ ਪਲਾਂਟ ਦੇ ਸੀਜੀਐੱਮ ਵੀਕੇ ਗੋਇਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਕੰਮਕਾਜੀ ਥਾਵਾਂ ਤੇ ਅਕਸਰ ਹੀ ਦੁਰਘਟਨਾਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਅਜਿਹੀਆਂ ਹੰਗਾਮੀਂ ਹਾਲਤਾਂ ਵਿੱਚ ਫਸਟ ਏਡ ਨਾਲ ਕਿਸੇ ਦੀ ਸਹੀ ਮੱਦਦ ਕੀਤੀ ਜਾ ਸਕਦੀ ਹੈ।
ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਵੱਲੋਂ ਕਰਮਚਾਰੀਆਂ ਨੂੰ ਹਾਦਸਿਆਂ ਦੌਰਾਨ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਦੀ ਜਾਣਕਾਰੀ ਦੇਣ ਤੋਂ ਇਲਾਵਾ ਫੱਟੜਾਂ ਨੂੰ ਕੈਰੀ ਕਰਕੇ ਐਂਬੂਲੈਂਸ ਗੱਡੀਆਂ ਵਿੱਚ ਲੋਡ ਕਰਨ, ਫਰੈੱਕਚਰ ਕੇਸਾਂ ਨੂੰ ਸੰਭਾਲਣ, ਪੱਟੀਆਂ ਬੰਨ੍ਹਣ ਅਤੇ ਫੱਟੜਾਂ ਸੱਟੜਾਂ ਦੀ ਟਰਾਂਸਪੋਰਟੇਸ਼ਨ ਲਈ ਮੈੱਨੂਅਲ ਢੰਗਾਂ ਦੀ ਪ੍ਰੈੱਕਟਿਸ ਵੀ ਕਰਵਾਈ ਗਈ। ਉਹਨਾਂ ਵਰਕਰਜ਼ ਨੂੰ ਅਪੀਲ ਕੀਤੀ ਕਿ ਹਾਦਸਿਆਂ ਦੌਰਾਨ ਹੌਂਸਲੇ ਨਾਲ ਫੱਟੜਾਂ ਦੀ ਮੱਦਦ ਲਈ ਅੱਗੇ ਆਓ ਅਤੇ ਬੇਹੋਸ਼ ਵਿਅਕਤੀਆਂ ਨੂੰ ਪਾਣੀ ਪਿਲਾਉਣ ਦੀ ਗਲਤੀ ਨਾ ਕਰੋ।
ਟ੍ਰੇਨਿੰਗ ਦੌਰਾਨ ਵਰਕਰਾਂ ਨੂੰ ਗਰਮੀਂ ਲੂ ਲੱਗਣ, ਮਿਰਗੀ ਦੌਰੇ, ਬੇਹੋਸ਼ੀ, ਨਕਸੀਰ ਫੁੱਟਣ, ਜ਼ਹਿਰ ਦੇ ਕੇਸਾਂ, ਸੜਨ ਜਾਂ ਝੁੱਲਸਣ, ਵਗਦੇ ਲਹੂ ਨੂੰ ਰੋਕਣ, ਹੱਡੀਆਂ ਟੁੱਟਣ, ਕਰੰਟ ਲੱਗਣ, ਦਿਲ ਦੇ ਦੌਰਿਆਂ ਅਤੇ ਜ਼ਹਿਰੀਲੇ ਸੱਪਾਂ ਦੇ ਡੰਗਣ ਮੌਕੇ ਦਿੱਤੀ ਜਾਣ ਵਾਲੀ ਫਸਟ ਏਡ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ। ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਰੈੱਡ ਕਰਾਸ ਵੱਲੋਂ ਫਸਟ ਏਡ ਦੀ ਇਹ ਜੀਵਨ ਬਚਾਊ ਜਾਣਕਾਰੀ ਹਰੇਕ ਵਰਗ ਤੱਕ ਪਹੁੰਚਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਰੈੱਡ ਕਰਾਸ ਸੰਸਥਾ ਦੀਆਂ ਕਲਿਆਣਕਾਰੀ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਕੇ ਮਾਨਵਤਾ ਦੀ ਸੇਵਾ ਵਿੱਚ ਬਣਦਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।