ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 23 ਮਈ 2022: ਬਾਬਾ ਫ਼ਰੀਦ ਜੀ ਦੀ ਚਰਨ ਛੋਹ ਧਰਤੀ ਫ਼ਰੀਦਕੋਟ ਦੀ ਇਕ ਧੀ ਨੇ ਫਿਰ ਤੋਂ ਪੂਰੀ ਦੁਨੀਆਂ 'ਚ ਫ਼ਰੀਦਕੋਟ ਦੇ ਨਾਮ ਨੂੰ ਚਾਰ ਚੰਨ ਲਗਾਏ ਹਨ। ਫ਼ਰੀਦਕੋਟ ਦੀ ਜੰਮਪਲ ਸਿਫਤ ਕੌਰ ਸਮਰਾ ਨੇ ਮੈਡੀਕਲ ਦੀ ਪੜਾਈ ਦੇ ਨਾਲ-ਨਾਲ ਜਾਰੀ ਰੱਖੀ ਖੇਡ ਸਦਕਾ ਅੱਜ ਆਪਣਾ ਅਤੇ ਅਤੇ ਪਰਿਵਾਰ ਦਾ ਨਾਮ ਹਾਲ ਹੀ ਵਿਚ ਜਰਮਨੀ ਵਿਚ ਹੋਏ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਕੱਪ ਰਾਈਫਲ/ਪਿਸਟਲ ਅਤੇ ਸ਼ੌਟਗੰਨ ਮੁਕਾਬਲਿਆਂ ਵਿਚ 2 ਸੋਨੇ, 2 ਚਾਂਦੀ ਅਤੇ ਇਕ ਤਾਂਬੇ ਦਾ ਤਗਮਾ ਹਾਸਲ ਕਰ ਪੂਰੀ ਦੁਨੀਆਂ 'ਚ ਰੌਸ਼ਨ ਕਰ ਦਿੱਤਾ ਹੈ । ਜਿਸ ਨੂੰ ਲੈ ਕੇ ਜਿਥੇ ਉਸ ਦੀ ਵੱਡੀ ਪ੍ਰਾਪਤੀ ਸਦਕਾ ਪਰਿਵਾਰ ਵਿਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਸ਼ਹਿਰ ਦੇ ਲੋਕਾਂ ਵਲੋਂ ਵੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਏ.ਡੀ.ਜੀ.ਪੀ. ਐੱਮ.ਐੱਫ.ਫਾਰੂਖੀ ਵੀ ਵਿਸ਼ੇਸ਼ ਤੌਰ 'ਤੇ ਵਧਾਈ ਦੇਣ ਲਈ ਸਿਫਤ ਕੌਰ ਸਮਰਾ ਦੇ ਫ਼ਰੀਦਕੋਟ ਸਥਿਤ ਘਰ ਪਹੁੰਚੇ ਜਿਥੇ ਉਨ੍ਹਾਂ ਸਿਫਤ ਦੀ ਹੌਂਸਲਾਂ ਅਫਜਾਈ ਕਰਦਿਆਂ ਉਸ ਨੂੰ ਫੁਲਕਾਰੀ ਭੇਂਟ ਕਰਕੇ ਉਸ ਦਾ ਸਨਮਾਨ ਕੀਤਾ । ਸਮਰਾ ਦੇ ਘਰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਾ ਹੋਇਆ ਹੈ । ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਂਵਾਂ ਦੇ ਨੁਮਾਇੰਦਿਆ ਵਲੋਂ ਸਿਫਤ ਕੌਰ ਸਮਰਾ ਦੇ ਘਰ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ । ਗੱਲਬਾਤ ਕਰਦਿਆਂ ਸਿਫਤ ਸਮਰਾ ਨੇ ਕਿਹਾ ਕਿ ਉਸ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਹ ਇਸ ਮੁਕਾਮ 'ਤੇ ਪਹੁੰਚੀ ਅਤੇ ਉਸ ਨੂੰ ਕਾਮਯਾਬੀ ਮਿਲੀ । ਉਨ੍ਹਾਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਕੋਚ ਸਿਰ ਬੰਨਦਿਆ ਕਿਹਾ ਫ਼ਰੀਦਕੋਟ ਵਿਚ ਇਸ ਖੇਡ ਸੰਬੰਧੀ ਕੋਈ ਵੀ ਨਾ ਤਾ ਅਕੈਡਮੀਂ ਹੈ ਅਤੇ ਨਾ ਹੀ ਇਸ ਦੀ ਪ੍ਰੈਕਟਿਸ ਲਈ ਰੇਂਜ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸੇ ਲਈ ਉਸ ਨੂੰ ਆਪਣੇ ਘਰ ਅੰਦਰ ਹੀ ਆਰਜੀ ਰੇਂਜ ਬਣਾ ਕੇ ਪ੍ਰੈਕਟਿਸ ਕਰਨੀ ਪਈ ਜਾਂ ਫਿਰ ਉਸ ਨੂੰ ਚੰਡੀਗੜ ਜਾਂ ਦੂਰ ਦਰਾਡੇ ਜਾ ਕੇ ਪ੍ਰੈਕਟਿਸ ਕਰਨੀ ਪਈ । ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਚੰਗੀਆਂ ਸ਼ੂਟਿੰਗ ਰੇਂਜ ਬਣਾਈਆਂ ਜਾਣ ਤਾਂ ਜੋ ਸ਼ੂਟਿੰਗ ਨਾਲ ਜੁੜੇ ਖਿਡਾਰੀ ਵਧੀਆ ਪ੍ਰੈਕਟਿਸ ਕਰ ਕੇ ਮੈਡਲ ਜਿੱਤ ਸਕਣ । ਸਿਫਤ ਦੇ ਮਾਤਾ ਰਮਣੀਕ ਸਮਰਾ ਅਤੇ ਪਿਤਾ ਬੰਪੀ ਸਮਰਾ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਦੁਨੀਆ ਵਿਚ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ । ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡੀ ਬੱਚੀ ਏਡੀ ਵੱਡੀ ਪ੍ਰਾਪਤੀ ਕਰੇਗੀ।ਉਨ੍ਹਾਂ ਨੂੰ ਆਪਣੀ ਬੱਚੀ ਨੂੰ ਇਸ ਖੇਡ ਨਾਲ ਜੋੜੀ ਰੱਖਣ ਲਈ ਲਗਾਤਾਰ 5 ਸਾਲ ਮਿਹਨਤ ਕਰਨੀ ਪਈ ਅਤੇ ਫ਼ਰੀਦਕੋਟ ਅਤੇ ਪੰਜਾਬ ਵਿਚ ਕੋਈ ਰੇਂਜ ਨਾ ਹੋਣ ਕਾਰਨ ਉਨ੍ਹਾਂ ਨੂੰ ਚੰਗੀਗੜ੍ਹ ਅਤੇ ਦਿੱਲੀ ਵਿਚ ਜਾ ਕੇ ਆਪਣੀ ਬੇਟੀ ਨੂੰ ਪ੍ਰੈਕਟਿਸ ਕਰਵਾਉਣੀ ਪਈ, ਜੋ ਕਾਫ਼ੀ ਮੁਸ਼ਕਿਲ ਸੀ । ਸਿਫਤ ਦੀ ਮਾਤਾ ਨੇ ਕਿਹਾ ਕਿ ਉਸ ਨੇ ਤਾਂ ਪ੍ਰਮਾਤਮਾਂ ਤੋਂ ਅਰਦਾਸ ਕਰ ਕੇ ਬੇਟੀ ਹੀ ਮੰਗੀ ਸੀ ਅਤੇ ਇਸੇ ਬੇਟੀ ਨੇ ਅੱਜ ਉਨ੍ਹਾਂ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ । ਏ.ਡੀ.ਜੀ.ਪੀ. ਪੰਜਾਬ ਐਮ.ਐਫ. ਫਾਰੂਖੀ ਨੇ ਕਿਹਾ ਕਿ ਸਿਫ਼ਤ ਸਮਰਾ ਨੇ ਪੂਰੀ ਦੁਨੀਆਂ ਵਿਚ ਆਪਣੇ ਮਾਤਾ ਪਿਤਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਅਯੋਕੇ ਸਮੇਂ ਵਿਚ ਬੇਟੀਆਂ ਕਿਸੇ ਵੀ ਮੁਕਾਮ 'ਤੇ ਪਹੁੰਚ ਸਕਦੀਆਂ ਹਨ। ਸਿਫਤ ਅਤੇ ਇਸ ਦੇ ਪਰਿਵਾਰ ਦੀ ਮਿਹਨਤ ਸਦਕਾ ਹੀ ਸੰਭਵ ਹੋ ਪਾਇਆ ਹੈ । ਸਿਫਤ ਨੇ ਹਾਲੇ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿਚ ਪੈਰ ਧਰਿਆ ਹੈ ਇਸ ਲਈ ਇਸ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ ਅਤੇ ਆਸ ਹੈ ਕਿ ਸਿਫਤ ਉਲੰਪਿਕ ਗੇਮਜ਼ ਵਿਚ ਵੀ ਗੋਲਡ ਮੈਡਲ ਲੇ ਕੇ ਆਵੇਗੀ । ਇਸ ਮੌਕੇ ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਸਕੱਤਰ ਪ੍ਰੇਮ ਖਰਬੰਦਾ, ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਦੇ ਪ੍ਰਧਾਨ ਡਾ.ਸੰਜੀਵ ਗੋਇਲ, ਸਕੱਤਰ ਗੁਰਵਿੰਦਰ ਸਿੰਘ ਧੀਗੜਾ, ਪਿ੍ੰਸੀਪਲ ਦਲਬੀਰ ਸਿੰਘ, ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ, ਆਲ ਪ੍ਰੋਜੈੱਕਟ ਚੇਅਰਮੈਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਸਕੱਤਰ ਤਰੁਣ ਅਰੋੜਾ, ਸਲਾਹਕਾਰ ਰਾਜਿੰਦਰ ਬਾਂਸਲ ਆੜੀ, ਜਸਬੀਰ ਸਿੰਘ ਜੱਸੀ, ਸਾਬਕਾ ਐਮ.ਸੀ.ਫ਼ਤਿਹ ਸਿੰਘ ਸੇਖੋਂ, ਰੋਟਰੀ ਕਲੱਬ ਦੇ ਪ੍ਰਧਾਨ ਸੰਜੀਵ ਗਰਗ ਵਿੱਕੀ, ਨਵੀਸ਼ ਛਾਬੜਾ, ਅਰਵਿੰਦ ਛਾਬੜਾ, ਮਨਪ੍ਰੀਤ ਸਿੰਘ ਬਰਾੜ, ਅਸ਼ਵਨੀ ਬਾਂਸਲ, ਸਤੀਸ਼ ਬਾਗੀ, ਮੁਸਲਿਮ ਵੈੱਲਫ਼ੇਅਰ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਦਿਲਾਵਰ ਹੁਸੈੱਨ ਹਾਜ਼ਰ ਸਨ । ਇਸ ਮੌਕੇ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਭਾਣਾ ਦੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਸਿਫ਼ਤ ਕੌਰ ਸਮਰਾ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ । ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਸਿਫ਼ਤ ਉਨ੍ਹਾਂ ਦੇ ਸਕੂਲ ਦੀ ਸ਼ਾਨ ਰਹੀ ਹੈ । ਜਲਦ ਹੀ ਸਕੂਲ ਵਿਖੇ ਸ਼ਾਨਦਾਰ ਸਮਾਗਮ 'ਚ ਸਿਫ਼ਤ ਕੌਰ ਸਮਰਾ ਨੂੰ ਸਨਮਾਨਿਤ ਕੀਤਾ ਜਾਵੇਗਾ