ਅਸ਼ੋਕ ਵਰਮਾ
ਬਠਿੰਡਾ, 23 ਮਈ 2022: ਈ.ਟੀ.ਟੀ. ਅਧਿਆਪਕ ਯੂਨੀਅਨ ਬਠਿੰਡਾ ਦੀ ਅਗਵਾਈ ਹੇਠ ਅਧਿਆਪਕਾਂ ਨੇ ਬੇਤਰਤੀਬੇ ਢੰਗ ਨਾਲ਼ ਕੀਤੇ ਜਾ ਰਹੇ ਆਰਜ਼ੀ ਪ੍ਰਬੰਧਾਂ ਖ਼ਿਲਾਫ਼ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਠਿੰਡਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਜਾਣਕਾਰੀ ਅਨੁਸਾਰ ਅਧਿਆਪਕਾਂ ਨੂੰ ਬੱਚਿਆਂ ਦੀ ਗਿਣਤੀ ਅਨੁਸਾਰ ਸਕੂਲਾਂ ਵਿੱਚ ਤਾਇਨਾਤ ਕੀਤਾ ਜਾਂਦਾ ਹੈ। ਜਿੰਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਦੀ ਘਟਦੀ ਹੈ ਤਾਂ ਅਧਿਆਪਕ ਉਸ ਹਿਸਾਬ ਨਾਲ ਤਾਇਨਾਤ ਕਰ ਦਿੱਤੇ ਜਾਂਦੇ ਹਨ। ਅਧਿਆਪਕਾਂ ਨੇ ਦੱਸਿਆ ਕਿ ਇਹ ਨੀਤੀ ਸਾਲ ਵਿੱਚ ਇੱਕ ਵਾਰ ਲਾਗੂ ਕਰਨੀ ਹੁੰਦੀ ਹੈ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਅਗਾਊਂ ਨੋਟਿਸ ਦੇਣ ਉਪਰੰਤ ਅਜਿਹਾ ਕੀਤਾ ਜਾਣਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਮਰਜ਼ੀ ਨਾਲ਼ ਅਧਿਆਪਕਾਂ ਦਾ ਫੇਰ ਬਦਲ ਕੀਤਾ ਜਾ ਰਿਹਾ ਹੈ, ਜਿਸਨੂੰ ਲੈ ਕੇ ਈ.ਟੀ.ਟੀ. ਅਧਿਆਪਕ ਯੂਨੀਅਨ ਇਕਾਈ ਬਠਿੰਡਾ ਦੇ ਵਫ਼ਦ ਨੇ ਕੁੱਝ ਦਿਨ ਪਹਿਲਾਂ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਮੰਗ ਪੱਤਰ ਵੀ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤੇ ਆਰਜ਼ੀ ਪ੍ਰਬੰਧ ਰੱਦ ਨਹੀਂ ਕੀਤੇ ਗਏ ਸਨ ਜਿਸ ਤੋਂ ਅੱਕੇ ਅਧਿਆਪਕਾਂ ਨੂੰ ਅੱਜ ਧਰਨਾ ਦੇਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਧਰਨੇ ਦੇ ਦਬਾਅ ਹੇਠ ਭਾਵੇਂ ਆਰਜ਼ੀ ਪ੍ਰਬੰਧ ਰੱਦ ਕਰ ਦਿੱਤੇ ਗਏ ਪਰ ਅਧਿਆਪਕਾਂ ਵਿੱਚ ਰੋਸ ਹੈ ਕਿ ਪਾਲਿਸੀ ਜਨਤਕ ਕਰਕੇ, ਸਮਾਂਬੱਧ ਢੰਗ ਨਾਲ ਸਾਰੇ ਜ਼ਿਲ੍ਹੇ ਵਿੱਚ ਇੱਕਸਾਰਤਾ ਤਹਿਤ ਲਾਗੂ ਕੀਤੀ ਜਾਵੇ ਨਾ ਕਿ ਇਕੱਲੇ-ਇਕੱਲੇ ਅਧਿਆਪਕ ਨੂੰ ਨਿਸ਼ਾਨਾ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਆਰਜ਼ੀ ਪ੍ਰਬੰਧ/ਡੈਪੂਟੇਸ਼ਨ ਰੱਦ ਕਰਨ ਲਈ ਦਫ਼ਤਰ ਡਾਇਰੈਕਟਰ ਸਿੱਖਿਆ ਮੋਹਾਲੀ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਪਰ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਸੀਨੀਅਰ-ਜੂਨੀਅਰ ਅਨਾਮਲੀ ਦੂਰ ਕਰਕੇ ਬਕਾਏ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਇਸ ਐਕਸ਼ਨ ਨੂੰ ਭਰਾਤਰੀ ਜੱਥੇਬੰਦੀ ਡੀ.ਟੀ.ਐੱਫ਼. ਬਠਿੰਡਾ ਦੇ ਆਗੂਆਂ ਨੇ ਵੀ ਸਮਰਥਨ ਦਿੱਤਾ। ਇਸ ਮੌਕੇ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ ਨੇ ਕਿਹਾ ਕਿ ਯੂਨੀਅਨ ਹਰ ਧੱਕੇ ਵਿਰੁੱਧ ਆਵਾਜ਼ ਬੁਲੰਦ ਕਰਦੀ ਆਈ ਹੈ ਅਤੇ ਕਰਦੀ ਰਹੇਗੀ।ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਡੀ.ਟੀ.ਐੱਫ਼. ਤੋਂ ਜਗਪਾਲ ਸਿੰਘ ਬੰਗੀ, ਰਜੇਸ਼ ਮੌਂਗਾ, ਅੰਮ੍ਰਿਤਪਾਲ ਸਿੰਘ ਸੈਣੇਵਾਲ਼ਾ, ਈ.ਟੀ.ਟੀ. ਆਗੂਆਂ ‘ਚੋਂ ਜਗਮੇਲ ਸਿੰਘ ਬਠਿੰਡਾ ,ਰਜਿੰਦਰ ਪ੍ਰੇਮੀ ਅਤੇ ਹੋਰ ਵੀ ਅਧਿਆਪਕ ਹਾਜ਼ਰ ਸਨ।