ਪ੍ਰੈਸ ਕਲੱਬ ਵੱਲੋਂ ਗਏ ਮੁਫ਼ਤ ਮੈਡੀਕਲ ਕੈਂਪ ‘ਚ 305 ਮਰੀਜਾਂ ਦੀ ਜਾਂਚ
ਅਸ਼ੋਕ ਵਰਮਾ,ਬਾਬੂਸ਼ਾਹੀ ਨੈੱਟਵਰਕ
ਭਗਤਾ ਭਾਈ, 24ਮਈ2022:ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਕਰਦਿਆਂ ਸਰਵੇਸ਼ ਦਿਵਿਆ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਲਾਏ ਮੁਫਤ ਮੈਡੀਕਲ ਕੈਂਪ ਦੌਰਾਨ 305 ਮਰੀਜਾਂ ਦੀ ਜਾਂਚ ਕਰਨ ਉਪਰੰਤ ਮੁਫਤ ਦਵਾਈਆਂ ਦਿੱਤੀਆਂ ਅਤੇ ਬਿਨਾਂ ਕੋਈ ਪੈਸਾ ਲਿਆਂ ਟੈਸਟ ਵੀ ਕੀਤੇ ਗਏ। ਕੈਂਪ ਦਾ ਉਦਘਾਟਨ ਥਾਣਾ ਭਗਤਾ ਭਾਈ ’ਚ ਸਥਿਤ ਥਾਣੇ ਦੀ ਮੁੱਖ ਥਾਣਾ ਅਫਸਰ ਡਾ. ਦਰਪਣ ਆਹਲੂਵਾਲੀਆਂ (ਆਈਪੀਐਸ) ਨੇ ਕੀਤਾ ਜਦੋਂਕਿ ਮੁੱਖ ਮਹਿਮਾਨ ਵਜੋਂ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਸ਼ਾਮਲ ਹੋਏ।
ਮਹੱਤਵਪੂਰਨ ਤੱਥ ਹੈ ਕਿ ਇੱਕ ਡਾਕਟਰ ਹੋਣ ਦੇ ਨਾਤੇ ਮਰੀਜਾਂ ਦੀ ਜਾਂਚ ਕੀਤੀ ਜਿਸ ਨੂੰ ਲੋਕਾਂ ਨੇ ਕਾਫੀ ਸਲਾਹਿਆ। ਇਸ ਮੌਕੇ ਡਾ. ਦਰਪਣ ਆਹਲੂਵਾਲੀਆਂ ਨੇ ਕਿਹਾ ਕਿ ਪੁਲਿਸ ਅਤੇ ਡਾਕਟਰ ਦੋਵੇਂ ਹੀ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਾਕਟਰ ਬਣਨ ਉਪਰੰਤ ਹੁਣ ਪੁਲਿਸ ਅਫ਼ਸਰ ਵਜੋਂ ਸੇਵਾ ਕਰਨ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਡਾ ਆਹਲੂਵਾਲੀਆਂ ਨੇ ਭਗਤਾ ਭਾਈ ਇਲਾਕੇ ਅੰਦਰ ਨਸ਼ਿਆਂ, ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਆਰੰਭੀ ਗਈ ਮੁਹਿੰਮ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਜੋ ਕਿਸੇ ਵੀ ਮੁਹਿੰਮ ਦੀ ਸਫਲਤਾ ਲਈ ਬੇਹੱਦ ਜਰੂਰੀ ਹੈ।
ਫੋਰਟਿਸ ਹਸਪਤਾਲ ਲੁਧਿਆਣਾ ਦੇ ਕੈਂਸਰ ਸਰਜਨ ਨੇ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਸ਼ਰੀਰ ਦੇ ਕਿਸੇ ਹਿੱਸੇ ਵਿਚ ਗੰਢ ਬਣਨਾ, ਖੂਨ ਦਾ ਵਗਣਾ, ਭਾਰ ਘਟਣਾ, ਪੇਟ ਵਿਚ ਪਾਣੀ ਭਰਨਾ ਅਤੇ ਅਫਰੇਵਾਂ ਹੋਣਾ ਕੈਂਸਰ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਬੱਚੇਦਾਨੀ ਅਤੇ ਛਾਤੀ ਵਿਚ ਜ਼ਿਆਦਾਤਰ ਕੈਂਸਰ ਹੁੰਦਾ ਹੈ ਜਿਸ ਦੀ ਸ਼ਿਨਾਖਤ ਲਈ ਮੈਮੋਗ੍ਰਾਮ ਟੈਸਟ ਕਰਵਾਉਣਾ ਜਰੂਰੀ ਹੁੰਦਾ ਹੈ। ਉਨ੍ਹਾਂ ਬੱਚੇਦਾਨੀ ਦੀ ਕਿਸੇ ਵੀ ਸਮੱਸਿਆ ਦਾ ਤੁਰੰਤ ਇਲਾਜ ਕਰਵਾਉਣ ਅਤੇ ਖਾਣ-ਪੀਣ ਤੇ ਰਹਿਣ ਸਹਿਣ ਦਾ ਬਦਲਾਅ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਨਸ਼ਿਆਂ ਕਾਰਨ ਕੈਂਸਰ ਦੇ ਫੈਲਣ ਸਬੰਧੀ ਵੀ ਚਿੰਤਾ ਜਤਾਈ। ਸਮਾਗਮ ਦੌਰਾਨ ਕੁਲਵੰਤ ਸਿੰਘ ਮਲੂਕਾ ਨੇ ਪ੍ਰੈਸ ਕਲੱਬ ਵਲੋਂ ਕੀਤੇ ਜਾ ਰੇ ਸਮਾਜ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਲੱਬ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰੈਸ ਕਲੱਬ ਦੇ ਪ੍ਰਧਾਨ ਵੀਰਪਾਲ ਭਗਤਾ ਨੇ ਮੈਡੀਕਲ ਟੀਮਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਹਿਯੋਗੀ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਲੱਬ ਵੱਲੋਂ ਭਵਿੱਖ ਵਿਚ ਲੋਕ ਸੇਵਾ ਦੇ ਕਾਰਜ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ।
ਕੈਂਪ ਦੌਰਾਨ ਸਰਵੇਸ਼ ਦਿਵਿਆ ਹਸਪਤਾਲ ਬਠਿੰਡਾ ਦੇ ਡਾ ਗੌਰਵ ਜੈਨ , ਡਾ ਮੋਨਿਕਾ ਜੈਨ (ਚਮੜੀ ਰੋਗਾਂ ਦੇ ਮਾਹਿਰ) , ਡਾ ਦਲੇਰ ਸਿੰਘ ਸੰਧੂ ਅਤੇ ਡਾ ਅਨੀਸ਼ ਭਾਟੀਆ ਨੇ ਬਿਮਾਰੀਆਂ ਸਬੰਧੀ ਜਾਂਚ ਕੀਤੀ। ਸਮਾਗਮ ਦੌਰਾਨ ਪ੍ਰੈਸ ਕਲੱਬ ਨੇ ਦਾਨੀ ਐਨਆਰਆਈ ਸੁਖਜਿੰਦਰ ਸਿੰਘ ਸਿੱਧੂ ਖੂਹ ਵਾਲੇ ਕੈਨੇਡਾ, ਅਮਰਜੀਤ ਸਿੰਘ ਬਰਾੜ, ਨਵਦੀਪ ਕੌਰ ਕੈਨੇਡਾ, ਡਾ ਨੈਵਿਕ ਗੋਇਲ, ਸਵਰਨਜੀਤ ਸਿੰਘ ਗਿੱਲ ਆਸਟੇ੍ਰਲੀਆ , ਗੁਰਦੁਆਰਾ ਕਮੇਟੀ , ਡਾਕਟਰੀ ਟੀਮ ਅਤੇ ਡਾ. ਦਰਪਣ ਆਹਲੂਵਾਲੀਆ ਨੂੰ ਸਨਮਾਨਿਤ ਕੀਤਾ। ਕੈਂਪ ਦੌਰਾਨ ਗਰਗ ਲੈਬ ਭਗਤਾ ਅਤੇ ਸਿੱਧੂ ਲੈਬ ਜਲਾਲ ਨੇ ਸੇਵਾਵਾਂ ਮੁਹੱਈਆ ਕਰਵਾਈਆਂ। ਸਮਾਗਮ ਦੌਰਾਨ ਸਟੇਜ਼ ਸੰਚਾਲਨ ਸਮਾਜ ਸੇਵੀਂ ਗੁਲਾਬ ਚੰਦ ਸਿੰਗਲਾ ਨੇ ਕੀਤਾ।
ਇਸ ਮੌਕੇ ਪਰਮਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ ਮਰਾਹੜ, ਸੁਖਪਾਲ ਸਿੰਘ ਸੋਨੀ, ਬਿੰਦਰ ਜਲਾਲ, ਸਵਰਨ ਸਿੰਘ ਭਗਤਾ, ਸਿਕੰਦਰ ਸਿੰਘ ਬਰਾੜ, ਜਜਵੀਰ ਸਿੰਘ ਜਲਾਲ, ਹਰਜੀਤ ਸਿੰਘ ਗਿੱਲ, ਸਿਕੰਦਰ ਸਿੰਘ ਜੰਡੂ, ਰਾਜਿੰਦਰਪਾਲ ਦਿਆਲਪੁਰਾ ਮਿਰਜਾ ( ਸਾਰੇ ਪੱਤਰਕਾਰ), ਗੁਰਚਰਨ ਸਿੰਘ ਖਾਲਸਾ ਪ੍ਰਧਾਨ, ਬਲਜਿੰਦਰ ਸਿੰਘ ਖਾਲਸਾ, ਕਥਾਵਾਚਕ ਭਾਈ ਹਰਵਿੰਦਰ ਸਿੰਘ ਖਾਲਸਾ, ਡਾ ਭੋਲਾ ਸਿੰਘ ਦਿਆਲਪੁਰਾ, ਕਰਨ ਦੂਆ, ਪ੍ਰਵੀਨ ਸਿਰੀਏਵਾਲਾ, ਸੁਖਮੰਦਰ ਸਿੰਘ ਸਿੱਧੂ, ਜਸਮੇਲ ਸਿੰਘ ਸੋਨੀ, ਨਵਜੋਤ ਸਿੰਘ ਮੋਹੀ, ਸੁਖਰਾਜ ਸਿੰਘ ਮੋਮੀ ਅਤੇ ਜਸਵਿੰਦਰ ਸਿੰਘ ਮਲੂਕਾ ਆਦਿ ਹਾਜਰ ਸਨ।