ਮੁੱਖ ਮੰਤਰੀ ਭਗਵੰਤ ਮਾਨ ਦੀ ਮੰਤਰੀਆਂ ਨੂੰ ਚੇਤਾਵਨੀ: ਰਿਸ਼ਤੇਦਾਰਾਂ ਨੂੰ ਕੰਮ ਤੋਂ ਦੂਰ ਰੱਖਣ
ਕੁਝ ਮੰਤਰੀਆਂ ਦੀ ਪਤਨੀ, ਬੇਟੇ, ਭਾਣਜੇ- ਭਤੀਜੇ ਅਤੇ ਭਰਾ ਸਰਗਰਮ ਹਨ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 26 ਮਈ 2022
ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਮੁਖਮੰਤਰੀ ਭਗਵੰਤ ਮਾਨ ਨੇ ਹੋਰ ਮੰਤਰੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੇ ਕੰਮ ਤੋਂ ਦੂਰ ਰੱਖਣ ਲਈ ਕਿਹਾ ਗਿਆ ਹੈ। ਮੀਡਿਆ ਸੂਤਰਾਂ ਮੁਤਾਬਿਕ ਮਾਨ ਨੇ ਵਿਭਾਗਾਂ ਤੋਂ ਫੀਡਬੈਕ ਲਈ ਸੀ। ਜਿਸ ਵਿਚ ਪਤਾ ਲੱਗਾ ਕਿ ਕੁਝ ਮੰਤਰੀਆਂ ਦੀ ਪਤਨੀ, ਪੁੱਤਰ , ਭਾਣਜੇ, ਭਤੀਜੇ ਜਾਂ ਹੋਰ ਰਿਸ਼ਤੇਦਾਰ ਸਰਕਾਰੀ ਕੰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਮਾਨ ਨੇ ਦੋ ਮੰਤਰੀਆਂ ਨੂੰ ਬੁਲਾ ਕੇ ਵਿਸ਼ੇਸ਼ ਹਦਾਇਤ ਜਾਰੀ ਕੀਤੀ ਹੈ।
ਨਹੀਂ ਤਾਂ ‘ਸਟਿੰਗ ਆਪ੍ਰੇਸ਼ਨ’ ਹੋਵੇਗਾ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਧਰ 'ਤੇ ਮੰਤਰੀਆਂ ਦੇ ਵਿਭਾਗ ਦੇ ਅਧਿਕਾਰੀਆਂ ਤੋਂ ਫੀਡਬੈਕ ਲਈ। ਜਿਸ ਵਿੱਚ ਪਤਾ ਲੱਗਿਆ ਕਿ ਇੱਕ ਮੰਤਰੀ ਦੀ ਪਤਨੀ ਸਰਕਾਰੀ ਕੰਮ ਵਿੱਚ ਬਹੁਤ ਜ਼ਿਆਦਾ ਉਲਝ ਰਹੀ ਹੈ। ਇੱਕ ਮੰਤਰੀ ਦਾ ਭਤੀਜਾ ਵੀ ਸਰਕਾਰੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੀ ਸਲਾਹ ਦੇ ਰਿਹਾ ਹੈ। ਇਕ ਮੰਤਰੀ ਦਾ ਪੁੱਤਰ ਆਪਣੇ ਨਾਂ 'ਤੇ ਲੋਕਾਂ ਨੂੰ ਮਿਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮਾਨ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਵੀ ਸਟਿੰਗ ਆਪ੍ਰੇਸ਼ਨ ਹੋ ਸਕਦਾ ਹੈ। ਜਿਸ ਕਾਰਨ ਕੁਰਸੀ ਸਿੱਧੀ ਚਲੀ ਜਾਵੇਗੀ, ਜਿਵੇਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗਵਾਉਣਾ ਪਿਆ।
ਸਿੰਗਲਾ ਦੇ ਜਾਣ ਪਿੱਛੇ ਭਾਣਜਾ ਪ੍ਰਦੀਪ
ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਕੁਰਸੀ ਜਾਣ ਦਾ ਮੁੱਖ ਕਾਰਨ ਉਨ੍ਹਾਂ ਦਾ ਭਤੀਜਾ ਪ੍ਰਦੀਪ ਗੋਇਲ ਹੈ। ਪ੍ਰਦੀਪ ਨੂੰ ਸਿੰਗਲਾ ਵੱਲੋਂ ਆਪਣਾ ਓ.ਐਸ.ਡੀ ਬਣਾਇਆ ਗਿਆ ਸੀ। ਪ੍ਰਦੀਪ ਨੇ ਹੀ ਸੁਪਰਡੈਂਟ ਇੰਜੀਨੀਅਰ ਤੋਂ 1% ਕਮਿਸ਼ਨ ਮੰਗਿਆ ਸੀ। ਜੋ ਰਿਕਾਰਡ ਹੋ ਗਿਆ। ਜਿਸ ਤੋਂ ਬਾਅਦ ਮਾਨ ਨੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ। ਸਿੰਗਲਾ ਦੇ ਨਾਲ-ਨਾਲ ਭਾਣਜੇ ਪ੍ਰਦੀਪ ਨੂੰ ਵੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੁੱਖ ਦੋਸ਼ੀ ਬਣਾਇਆ ਗਿਆ ਹੈ।