ਏ ਡੀ ਸੀ ਵੱਲੋਂ ਜਲ ਸਪਲਾਈ ਤੇ ਸੀਵਰੇਜ ਕੁਨੈਕਸ਼ਨ ਸਬੰਧੀ ਹੁਕਮ ਜਾਰੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ 26 ਮਈ, 2022: ਵਧੀਕ ਜ਼ਿਲਾ ਮੈਜਿਸਟਰੇਟ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਪਬਲਿਕ ਹਿੱਤ ਵਿਚ ਹੁਕਮ ਜਾਰੀ ਕੀਤਾ ਹੈ ਕਿ ਜ਼ਿਲਾ ਸੰਗਰੂਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹਰ ਇੱਕ ਲੋੜਵੰਦ ਵਿਅਕਤੀ, ਸਮਰੱਥ ਅਧਿਕਾਰੀ ਦੀ ਲਿਖਤੀ ਪ੍ਰਵਾਨਗੀ ਉਪਰੰਤ ਹੀ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਕੁਨੈਕਸ਼ਨ ਲਵਾਏਗਾ ਅਤੇ ਆਪਣੇ ਪੱਧਰ ’ਤੇ ਨਜਾਇਜ਼ ਤੌਰ ’ਤੇ ਪਾਣੀ ਦੀ ਸਪਲਾਈ ਦੇ ਕੁਨੈਕਸ਼ਨ ਨਹੀਂ ਲਾਏਗਾ। ਇਹ ਹੁਕਮ 24 ਜੁਲਾਈ 2022 ਤੱਕ ਲਾਗੂ ਰਹਿਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਈ ਵਾਰ ਧਿਆਨ ਵਿੱਚ ਆਉਂਦਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਜਾਇਜ ਤੌਰ ’ਤੇ ਅਣ-ਅਧਿਕਾਰਤ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਆਪਣੇ ਪੱਧਰ ’ਤੇ ਲਾਏ ਜਾਂਦੇ ਹਨ ਅਤੇ ਕਈ ਵਾਰ ਅਜਿਹੀ ਵਜਾ ਕਰਕੇ ਗਲੀਆਂ -ਨਾਲੀਆਂ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਲ ਜਾਂਦਾ ਹੈ ਅਤੇ ਇਸ ਦੇ ਸਿੱਟੇ ਵੱਜੋਂ ਭਿਆਨਕ ਬੀਮਾਰੀ ਫੈਲ ਸਕਦੀ ਹੈ ਅਤੇ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ।