ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਪਿੰਡ ਬੌੜਹਾਈ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ/ ਅਹਿਮਦਗੜ੍ਹ 26 ਮਈ 2022 - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਅਹਿਮਦਗੜ੍ਹ ਵੱਲੋਂ ਖੇਤੀਬਾੜੀ ਅਫ਼ਸਰ ਡਾ.ਗੁਰਕਿਰਪਾਲ ਸਿੰਘ ਦੀ ਅਗਵਾਈ ਹੇਠ ਪਾਣੀ ਬਚਾਓ ਪੰਜਾਬ ਬਚਾਓ ਮੁਹਿੰਮ ਅਧੀਨ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੇ ਲਗਾਏ ਜਾ ਰਹੇ ਕਿਸਾਨ ਸਿਖਲਾਈ ਕੈਂਪਾਂ ਦੀ ਲੜੀ ਤਹਿਤ ਪਿੰਡ ਬੌੜਹਾਈ ਕਲਾਂ ਦੀ ਸੱਥ ਵਿੱਚ ਕੈਂਪ ਲਗਾਇਆ ਗਿਆ।
ਖੇਤੀਬਾੜੀ ਵਿਕਾਸ ਅਫ਼ਸਰ ਡਾ.ਅਨਮੋਲਦੀਪ ਸਿੰਘ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਚਿੰਤਾ ਪ੍ਰਗਟਾਉਂਦਿਆਂ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲੈ ਕੇ ਆਉਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ 15-20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ, 10-15 ਪ੍ਰਤੀਸ਼ਤ ਪਾਣੀ ਜ਼ਮੀਨ ਵਿੱਚ ਵਧੇਰੇ ਰੀਚਾਰਜ ਹੁੰਦਾ ਹੈ,ਖੇਤ ਦੀ ਤਿਆਰੀ ਤੇ ਖਰਚਾ ਘੱਟ ਹੁੰਦਾ ਹੈ,ਲੇਬਰ ਦਾ ਖਰਚਾ ਬਚਦਾ ਹੈ ਅਤੇ ਫ਼ਸਲ ਤੇ ਬਿਮਾਰੀ ਦਾ ਹਮਲਾ ਵੀ ਘੱਟ ਹੁੰਦਾ ਹੈ।ਉਹਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਖੇਤ ਦੀ ਤਿਆਰੀ, ਢੁਕਵੀਂ ਕਿਸਮ ਦੀ ਚੋਣ ਅਤੇ ਬੀਜ ਸੋਧ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਬੀ.ਟੀ.ਐਮ ਮੁਹੰਮਦ ਜਮੀਲ ਨੇ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਣਾਂ ਦੀ ਰੋਕਥਾਮ, ਲਘੂ ਤੱਤਾਂ ਦੀ ਘਾਟ ਅਤੇ ਖਾਦ ਅਤੇ ਸਿੰਚਾਈ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ।ਕੈਂਪ ਵਿੱਚ ਸ਼ਾਮਲ ਪਿੰਡ ਦੇ ਸਰਪੰਚ ਹਰਦੀਪ ਸਿੰਘ ਵੱਲੋਂ ਪਾਣੀ ਦੀ ਜੀਵਨ ਵਿੱਚ ਮਹੱਤਤਾ ਸਮਝਦਿਆਂ ਹਾਜ਼ਰ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਜੀਵਨ ਦੇ ਹਰ ਖੇਤਰ ਵਿੱਚ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਪਿਛਲੇ ਕਈ ਸਾਲਾਂ ਤੋਂ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੇ ਹੋਰ ਸਾਥੀ ਕਿਸਾਨਾਂ ਅਤੇ ਖੇਤੀ ਮਾਹਿਰਾਂ ਨਾਲ ਤਜਰਬਾ ਸਾਂਝਾ ਕੀਤਾ ਅਤੇ ਹੋਰਨਾ ਕਿਸਾਨਾਂ ਨੂੰ ਵੀ ਇਹ ਤਕਨੀਕ ਅਪਣਾਉਣ ਦੀ ਅਪੀਲ ਕੀਤੀ।ਕੈਂਪ ਵਿੱਚ ਜਰਨੈਲ ਸਿੰਘ, ਜਸਵਿੰਦਰ ਸਿੰਘ ਰਿੰਪੀ, ਦਰਸ਼ਨ ਸਿੰਘ ਮਾਸਟਰ, ਭਜਨ ਸਿੰਘ, ਗੁਰਦੇਵ ਸਿੰਘ,ਹਾਕਮ ਸਿੰਘ ਆਦਿ ਕਿਸਾਨ ਮੌਜੂਦ ਸਨ।