ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਿੰਡ ਹੁੱਕੜਾਂ ’ਚ ਕਰਵਾਈ ਗਈ ਮੱਕੀ ਦੀ ਕਾਸ਼ਤ ਸਬੰਧੀ ਕਿਸਾਨ ਗੋਸ਼ਠੀ
ਹੁਸ਼ਿਆਰਪੁਰ, 26 ਮਈ 2022 ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਬੀਤੇ ਦਿਨ ਪਿੰਡ ਹੁੱਕੜਾਂ ਵਿਖੇ ਮੱਕੀ ਦੀ ਕਾਸ਼ਤ ਸਬੰਧੀ ਕਿਸਾਨ ਗੋਸ਼ਠੀ ਕਰਵਾਈ ਗਈ। ਇਸ ਗੋਸ਼ਠੀ ਵਿਚ ਕਿਸਾਨਾਂ ਨਾਲ ਰੂ-ਬ-ਰੂ ਹੁੰਦੇ ਹੋਏ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਪੰਜਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਜ਼ਮੀਨ ਹੇਠਲਾ ਪਾਣੀ ਦੇ ਡਿੱਗਦੇ ਪੱਧਰ ਦੇ ਮੱਦੇਨਜ਼ਰ ਮੁਹਿੰਮ ਦੇ ਰੂਪ ਵਿਚ ਝੋਨੇ ਦੀ ਸਿੱਧੀ ਬਿਜਾਈ, ਪਾਣੀ ਦੀ ਬੱਚਤ ਵਾਲੀ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਅਤੇ ਪਾਣੀ ਦੀ ਸੰਭਾਲ ਬਾਬਤ ਤਕਨੀਕਾਂ ਅਪਨਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਕੜੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਸਾਉਣੀ ਦੀ ਮੱਕੀ ਦੀ ਕਾਸ਼ਤ ਸਬੰਧੀ ਨਵੀਆਂ ਤਕਨੀਕਾਂ ਸਾਂਝੀਆਂ ਕਰਨ ਲਈ ਇਹ ਕਿਸਾਨ ਗੋਸ਼ਠੀ ਆਯੋਜਿਤ ਕੀਤੀ ਗਈ।
ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਪੰਜਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪਿਛਲੇ ਸਾਲ ਨਵੀਂ ਦੋਗਲੀ ਕਿਸਮ-ਪੀ.ਐਮ.ਐਚ. 13 ਦੀ ਸਿਫਾਰਸ਼ ਕੀਤੀ ਗਈ ਸੀ, ਜੋ ਕਿ ਕਰੀਬ 97 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ ਕਰੀਬ 24.0 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਵਲੋਂ ਨਵੀਂ ਕੰਪੋਸਿਟ ਕਿਸਮਾਂ ਵੀ ਦਿੱਤੀਆਂ ਗਈਆਂ ਸਨ, ਜੋ ਕਿ 12 (ਜੇ ਸੀ 12) ਅਤੇ ਜੇ ਸੀ 4 ਮੱਕੀ ਦੀ ਜੇ ਸੀ 12 ਕਿਸਮ ਕਰੀਬ 99 ਦਿਨਾਂ ਵਿਚ ਪੱਕਦੀ ਹੈ ਅਤੇ ਇਸ ਦਾ ਔਸਤਨ ਝਾੜ 18.2 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ ਸਿਫਾਰਸ਼ ਪੰਜਾਬ ਦੇ ਕੰਢੀ ਇਲਾਕਿਆਂ ਲਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇ ਸੀ 4 ਕਿਸਮ ਰੋਟੀ ਲਈ ਵਧੀਆ ਹੈ ਅਤੇ ਇਸ ਦੇ ਆਟੇ ਦੀ ਰੋਟੀ ਸਵਾਦ ਅਤੇ ਮੁਲਾਇਮ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਮ ਦੀ ਸਿਫਾਰਸ਼ ਪੰਜਾਬ ਦੇ ਸੇਂਜੂ ਅਤੇ ਕੰਢੀ ਇਲਾਕਿਆਂ ਲਈ ਕੀਤੀ ਗਈ ਹੈ। ਇਸ ਕਿਸਮ ਦੀ ਸਿਫਾਰਸ਼ ਜੈਵਿਕ ਖੇਤੀ ਤਹਿਤ ਕੀਤੀ ਗਈ ਹੈ। ਇਨ ਕੰਪੋਸਿਟ ਕਿਸਮਾਂ ਦਾ ਕਿਸਾਨ ਬੀਜ ਰੱਖ ਕੇ ਅਗਲੇ ਸਾਲ ਬਿਜਾਈ ਕਰ ਸਕਦੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਪ੍ਰੋ: (ਫਸਲ ਵਿਗਿਆਨ) ਡਾ. ਗੁਰਪ੍ਰਤਾਪ ਸਿੰਘ ਨੇ ਮੱਕੀ ਦੀ ਪ੍ਰਦਰਸ਼ਨੀਆਂ ਦੇ ਮਨੋਰਥ, ਸਾਉਣੀ ਦੀ ਮੱਕੀ ਦੀ ਉਨਤ ਦੋਗਲੀ ਕਿਸਮ ਪੀ ਐਮ ਐਚ 13, ਉਸ ਦੀ ਸਫ਼ਲ ਕਾਸ਼ਤ, ਕੀਟਨਾਸ਼ਕ ਪ੍ਰਬੰਧ ਅਤੇ ਖਾਦ ਪ੍ਰਬੰਧ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਮਿੱਟੀ ਪਰਖ ਦੇ ਆਧਾਰ ’ਤੇ ਖਾਦਾਂ ਦੇ ਸੁਚਾਰੂ ਪ੍ਰਯੋਗ ਅਤੇ ਝੋਨੇ ਦੀ ਮੱਕੀ ਵਿਚ ਜੀਵਾਣੂ ਖਾਦਾਂ ਦੇ ਪ੍ਰਯੋਗ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਤਕਨੀਕਾਂ ਨੂੰ ਵੀ ਅਪਨਾਉਣ ਸਬੰਧੀ ਜ਼ੋਰ ਦਿੱਤਾ। ਸਹਾਇਕ ਪ੍ਰੋ: (ਪੌਦ ਸੁਰੱਖਿਆ) ਡਾ. ਪ੍ਰਭਜੋਤ ਕੌਰ ਨੇ ਸਾਉਣੀ ਦੀ ਮੱਕੀ ਦੇ ਪ੍ਰਮੁੱਖ ਕੀੜਿਆਂ ਦੀ ਪਹਿਚਾਣ, ਨੁਕਸਾਨ ਦੀ ਪਹਿਚਾਣ ਅਤੇ ਸਰਬਪੱਖੀ ਕੀਟ ਪ੍ਰਬੰਧ ਬਾਰੇ ਵਿਸਥਾਰ ਨਾਲ ਦੱਸਿਆ।
ਕਿਸਾਨਾਂ ਦੀ ਸੁਵਿਧਾ ਲਈ ਸਾਉਣੀ ਦੀ ਮੱਕੀ ਪੀ ਐਮ ਐਚ 13 ਦਾ ਬੀਜ, ਝੋਨੇ ਅਤੇ ਮੱਕੀ ਲਈ ਜੀਵਾਣੂ ਖਾਦ ਅਤੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਗਿਆ ਅਤੇ ਮਿੱਟੀ ਦੇ ਸੈਂਪਲ ਵੀ ਲਏ ਗਏ। ਇਸ ਮੌਕੇ ਹੁੱਕੜਾਂ ਬਹੁਮੰਤਵੀ ਸਹਿਕਾਰੀ ਸੋਸਾਇਟੀ ਦੇ ਸਕੱਤਰ ਬਲਕਾਰ ਸਿੰਘ, ਰਾਜਪੁਰ ਬਹੁਮੰਤਵੀ ਸਹਿਕਾਰੀ ਸੋਸਾਇਟੀ ਦੇ ਸਕੱਤਰ ਸੁਖਵਿੰਦਰ ਸਿੰਘ, ਪਿੰਡ ਹੁੱਕੜਾਂ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ, ਪਾਲ ਸਿੰਘ, ਹੁੱਕੜਾਂ ਬਹੁਮੰਤਵੀ ਸੋਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ, ਪਿੰਡ ਹੁੱਕੜਾਂ ਦੇ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਜਿੰਦਰਪ੍ਰੀਤ ਸਿੰਘ ਅਤੇ ਫੁਗਲਾਣਾ, ਮੁਖਲਿਆਣਾ, ਭੂੰਗਰਨੀ ਅਤੇ ਰਾਜਪੁਰ ਭਾਈਆਂ ਦੇ ਸਾਰੇ ਅਗਾਂਹਵਧੂ ਕਿਸਾਨ ਮੌਜੂਦ ਸਨ।