ਪੰਜਾਬ ਸਰਕਾਰ ਵੱਲੋ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਕੀਤਾ ਜਾ ਰਿਹਾ ਪ੍ਰੇਰਿਤ
- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਅਪੀਲ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਚ ਕਿਸਾਨ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲੱਗੇ
- ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਵਾਤਾਵਰਣ ਅਤੇ ਪਾਉਣ ਪਾਣੀ ਦੀ ਸੰਭਾਲ ਲਈ ਹਰ ਸੰਭਵ ਉਪਰਾਲਾ ਕਰਨ ਦਾ ਸੱਦਾ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 26 ਮਈ 2022:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਉਪਰੰਤ ਜਿਲ੍ਹਾ ਰੂਪਨਗਰ ਵਿਚ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵੱਧ ਰਿਹਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਾਤਾਵਰਣ ਤੇ ਪਾਉਣ ਪਾਣੀ ਦੀ ਸਾਂਭ ਸੰਭਾਲ ਲਈ ਹਰ ਸੰਭਵ ਉਪਰਾਲਾ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਹ ਸਾਰਿਆ ਦੇ ਸਹਿਯੋਗ ਨਾਲ ਹੀ ਸੰਭਵ ਹੈ, ਇਸ ਲਈ ਖੇਤੀਬਾੜੀ ਵਿਭਾਗ ਹੁਣ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਭਵਿੱਖ ਵਿਚ ਲਾਭ ਬਾਰੇ ਪ੍ਰੇਰਿਤ ਕਰ ਰਿਹਾ ਹੈ।
ਜਿਕਰਯੋਗ ਹੈ ਕਿ ਖੇਤੀਬਾੜੀ ਵਿਭਾਗ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਲ੍ਹਾ ਰੂਪਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ.ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਪਿੰਡ ਲੋਦੀਪੁਰ ਦੇ ਅਗਾਂਹਵਧੂ ਕਿਸਾਨ ਸ.ਗੁਰਬਚਨ ਸਿੰਘ ਦੇ 01 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ।
ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਖੇਤੀ ਵਿਕਾਸ ਅਫਸਰ ਅਮਰਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਮੌਕੇ ਤੇ ਹਾਜ਼ਰ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਮੋਜੂਦਾ ਸਥਿਤੀ ਬਾਰੇ ਜਾਣੂ ਕਰਵਾਉਦੀਆਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦਾ ਸਾਥ ਦੇਣ ਤੇ ਝੋਨੇ ਦੀ ਸਿੱਧੀ ਬਿਜਾਈ ਕਰਨ। ਅਜਿਹੇ ਯਤਨਾ ਨਾਲ ਅਸੀ ਕੀਮਤੀ ਪਾਣੀ ਨੂੰ ਬਚਾ ਸਕਦੇ ਹਾਂ।
ਇਸ ਮੌਕੇ ਬੀ.ਈ.ਐਮ ਵਰਿੰਦਰ ਸਿੰਘ, ਏ.ਈ.ਓ ਹਰਪ੍ਰੀਤ ਸਿੰਘ, ਏ.ਐਸ.ਆਈ ਰਾਜ ਕੁਮਾਰ, ਹਰਪ੍ਰੀਤ ਸਿੰਘ,ਅਮਰ ਸਿੰਘ ਅਤੇ ਹੋਰ ਕਿਸਾਨ ਵੀ ਹਾਜਰ ਸਨ।