ਮਹਾਰਾਸ਼ਟਰ ਸਿਆਸੀ ਸੰਕਟ : ਸ਼ਿਵ ਸੈਨਾ ਵਿਧਾਨ ਸਭਾ ਭੰਗ ਕਰਨ ਦੀ ਕਰ ਸਕਦੀ ਹੈ ਸਿਫ਼ਾਰਸ਼ !
ਮੁੰਬਈ, 22 ਜੂਨ 2022 : ਸੱਤਾਧਾਰੀ ਸ਼ਿਵ ਸੈਨਾ ਦੇ ਇੱਕ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ 40 ਬਾਗੀ ਵਿਧਾਇਕ ਉਸਦੇ ਨਾਲ ਅਸਾਮ ਵਿੱਚ ਗੁਹਾਟੀ ਪਹੁੰਚ ਗਏ ਹਨ। ਗੁਹਾਟੀ ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿੰਦੇ ਨੇ ਕਿਹਾ, ਇੱਥੇ ਮੇਰੇ ਨਾਲ 40 ਵਿਧਾਇਕ ਮੌਜੂਦ ਹਨ। ਹੋਰ 10 ਵਿਧਾਇਕ ਜਲਦੀ ਹੀ ਮੇਰੇ ਨਾਲ ਜੁੜਨਗੇ, ਮੈਂ ਕਿਸੇ ਦੀ ਆਲੋਚਨਾ ਨਹੀਂ ਕਰਨਾ ਚਾਹੁੰਦਾ, ਅਸੀਂ ਮਰਹੂਮ ਬਾਲਾ ਸਾਹਿਬ ਠਾਕਰੇ ਦੁਆਰਾ ਸਥਾਪਿਤ ਸ਼ਿਵ ਸੈਨਾ ਨੂੰ ਜਾਰੀ ਰੱਖਣ ਦੇ ਚਾਹਵਾਨ ਹਾਂ।
ਭਾਜਪਾ ਵਿਧਾਇਕ ਫੜਨਵੀਸ ਦੇ ਘਰ ਆਉਣ ਲੱਗੇ
ਸ਼ਿਵ ਸੈਨਾ ਨੇਤਾ ਸੰਜੇ ਰਾਉਤ ਵੱਲੋਂ ਵਿਧਾਨ ਸਭਾ ਭੰਗ ਕੀਤੇ ਜਾਣ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਭਾਜਪਾ ਵਿਧਾਇਕਾਂ ਨੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਸਮੇਂ 'ਚ ਇਨ੍ਹਾਂ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ।
ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਕਿ ਸੂਬੇ ਵਿੱਚ ਮੌਜੂਦਾ ਸਿਆਸੀ ਘਟਨਾਕ੍ਰਮ ਵਿਧਾਨ ਸਭਾ ਭੰਗ ਹੋਣ ਵੱਲ ਜਾ ਰਿਹਾ ਹੈ।