ਮਾਨਸਾ: ਪਿੰਡ ਭੰਮੇ ਖੁਰਦ ਤੇ ਲਖਮੀਰ ਵਾਲਾ ਦੇ ਖੇਤਾਂ 'ਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ
ਪਿਛਲੇ ਸਾਲ ਦੇ ਹਮਲੇ ਕਾਰਨ ਕਿਸਾਨਾਂ ਵੱਲੋਂ ਘੱਟ ਜ਼ਮੀਨ ਤੇ ਬੀਜੀ ਗਈ ਸੀ ਨਰਮੇ ਦੀ ਫਸਲ
ਬਾਬੂਸ਼ਾਹੀ ਨੈੱਟਵਰਕ
ਮਾਨਸਾ, 22 ਜੂਨ 2022
ਪਿਛਲੇ ਸਾਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਕਾਰਣ ਮਾਨਸਾ ਦੇ ਪਿੰਡ ਭੰਮੇ ਖੁਰਦ ਅਤੇ ਲਖਮੀਰ ਵਾਲਾ ਦੇ ਕਿਸਾਨਾਂ ਵੱਲੋਂ ਘੱਟ ਜ਼ਮੀਨ ਤੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ। ਪਰ ਗੁਲਾਬੀ ਸੁੰਡੀ ਨੇ ਮੁੜ ਖੇਤਾਂ ਵਿੱਚ ਆਪਣਾ ਪ੍ਰਭਾਵ ਦਿਖਾਉਂਦਿਆਂ ਫਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਤੇ ਅਗੇਤੀ ਬੀਜੀ ਫ਼ਸਲ ਦੇ ਫੁੱਲਾਂ ਵਿੱਚ ਸੁੰਡੀ ਦਿਖਾਈ ਦੇਣ ਲੱਗੀ ਹੈ। ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਖੇਤੀਬਾੜੀ ਵਿਭਾਗ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ। ਜਦੋਂ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਗੁਲਾਬੀ ਸੁੰਡੀ ਦਾ ਹਮਲਾ ਹੋਣੇ ਤੇ ਵਿਭਾਗ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਸਪਰੇਅ ਦਾ ਇਸਤੇਮਾਲ ਕੀਤਾ ਜਾਵੇ।
ਮਾਨਸਾ ਦੇ ਪਿੰਡ ਭਲਾਈਕੇ ਅਤੇ ਰਮਦਿੱਤੇ ਵਾਲਾ ਤੋਂ ਬਾਅਦ ਪਿੰਡ ਭੰਮੇ ਖੁਰਦ ਅਤੇ ਲਖਮੀਰ ਵਾਲਾ ਵਿੱਚ ਨਰਮੇਂ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦਿੱਤਾ ਸੀ ਤੇ ਕਿਸਾਨਾਂ ਵੱਲੋਂ ਘੱਟ ਜ਼ਮੀਨ ਤੇ ਨਰਮੇਂ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ। ਪਰ ਅਗੇਤੀ ਬੀਜੀ ਫ਼ਸਲ ਦੇ ਫੂਲਾਂ ਤੇ ਗੁਲਾਬੀ ਸੁੰਡੀ ਦਿਖਾਈ ਦੇ ਰਹੀ ਹੈ। ਪਿੰਡ ਭੰਮੇ ਖੁਰਦ ਦੇ ਕਿਸਾਨਾਂ ਗੁਰਪਿਆਰ ਸਿੰਘ ਅਤੇ ਨਾਜਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਉਨ੍ਹਾਂ ਨੇ ਇਸ ਵਾਰ ਘੱਟ ਰਕਬੇ ਉਪਰ ਨਰਮੇ ਦੀ ਬਿਜਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਅਗੇਤੀ ਬੀਜੀ ਨਰਮੇ ਦੀ ਫਸਲ ਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਆਇਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਦੀ ਮਦਦ ਕਰੇ ਅਤੇ ਨਾਲ ਹੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਵੇ।
ਪਿੰਡ ਲਖਮੀਰਵਾਲਾ ਦੇ ਕਿਸਾਨਾਂ ਪਾਲ ਸਿੰਘ ਅਤੇ ਸਰੂਪ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਜਮੀਨ ਹੇਠਲਾ ਪਾਣੀ ਮਾੜਾ ਹੈ, ਜਿਸ ਕਾਰਨ ਨਰਮੇ ਤੋਂ ਬਿਨਾ ਕੋਈ ਹੋਰ ਫਸਲ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਖਰਾਬ ਹੋਣ ਕਾਰਨ ਅਸੀਂ ਇਸ ਵਾਰ ਘੱਟ ਰਕਬੇ ਤੇ ਨਰਮੇ ਦੀ ਅਗੇਤੀ ਬਿਜਾਈ ਕੀਤੀ ਸੀ, ਪਰ ਫਿਰ ਵੀ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਕਰੀਬ 80 ਫੀਸਦੀ ਫਸਲ ਦਾ ਨੁਕਸਾਨ ਹੋ ਚੁੱਕਿਆ ਹੈ, ਪਰ ਹਾਲੇ ਤਕ ਖੇਤੀਬਾੜੀ ਵਿਭਾਗ ਜਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੇ ਖੇਤਾਂ ਵਿੱਚ ਸਾਰ ਲੈਣ ਨਹੀਂ ਆਇਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਰਮੇ ਦੀ ਫਸਲ ਤੇ ਹੋ ਰਹੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਦਵਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਬਣਦਾ ਮੁਆਵਜਾ ਦਿੱਤਾ ਜਾਵੇ।
ਖੇਤੀਬਾੜੀ ਵਿਭਾਗ ਵੱਲੋਂ ਗੁਲਾਬੀ ਸੁੰਡੀ ਤੋਂ ਬਚਾਅ ਲਈ ਸਮੇਂ ਸਮੇਂ ਕੈਂਪ ਲਗਾਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਮਾਨਸਾ ਜ਼ਿਲੇ ਵਿਚ 45 ਹਜ਼ਾਰ ਹੈਕਟੇਅਰ ਰਕਬੇ ਤੇ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਸਾਡੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਨਰਮੇ ਦੀਆਂ ਛਟੀਆਂ ਦਾ ਖੇਤਾਂ ਵਿੱਚੋਂ ਨਿਪਟਾਰਾ ਕੀਤਾ ਜਾਵੇ ਕਿਉਂਕਿ ਖੇਤਾਂ ਵਿਚ ਪਈਆਂ ਛਟੀਆਂ ਵਿੱਚ ਗੁਲਾਬੀ ਸੁੰਡੀ ਦੇ ਅੰਸ਼ ਬਚੇ ਹੋਏ ਹਨ ਅਤੇ ਹੁਣ ਇਹ ਸੁੰਡੀ ਦੋਬਾਰਾ ਨਰਮੇ ਦੀ ਫਸਲ ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪਿੰਡਾਂ ਵਿੱਚ ਜਾ ਕੇ ਸਰਵੇ ਕਰ ਰਹੇ ਹਾਂ ਅਤੇ ਅਸੀਂ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਤੇ ਵਿਭਾਗ ਦੀ ਸਿਫਾਰਿਸ਼ ਅਨੁਸਾਰ ਸਪਰੇਅ ਕਰਕੇ ਸੁੰਡੀ ਨੂੰ ਕੰਟਰੋਲ ਕੀਤਾ ਜਾਵੇ।