‘ਚੰਨੀ ਦੀ ਬੱਕਰੀ’ ਖ਼ਰੀਦਣ ਵਾਲਾ ਪਰਮਜੀਤ ਸਿੰਘ ਇਸ਼ਤਿਹਾਰੀ ਮੁਲਜ਼ਮ ਕਰਾਰ
-ਮੋਹਾਲੀ ਦੀ ਅਦਾਲਤ ਵਲੋਂ ਪੁਲਿਸ ਨੂੰ ਮੁਲਜ਼ਮ ਨੂੰ ਗਿ੍ਰਫ਼ਤਾਰ ਕਰਨ ਦੀ ਹਦਾਇਤ
ਮੋਹਾਲੀ, 23 ਜੂਨ 2022: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਚੋਈ ਗਈ ਚਰਚਿਤ ਬੱਕਰੀ ਨੂੰ ਖ਼ਰੀਦਣ ਕਾਰਨ ਚਰਚਾ ਵਿਚ ਆਏ ਡਰਾਈਵਰ ਪਰਮਜੀਤ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਇਕ ਮਾਮਲੇ ’ਚ ਭਗੌੜਾ ਐਲਾਨਿਆ ਹੈ। ਚਮਕੌਰ ਸਾਹਿਬ ਵਾਸੀ ਪਰਮਜੀਤ ਸਿੰਘ ਪਿਛਲੇ ਸਮੇਂ ਉਦੋਂ ਚਰਚਾ ਵਿਚ ਆਇਆ ਸੀ, ਜਦ ਉਸ ਨੇ ਭਦੌੜ ਤੋਂ ਉਕਤ ਚਰਚਿਤ ਬੱਕਰੀ ਨੂੰ ਖ਼ਰੀਦਿਆ ਸੀ ਅਤੇ ਚਮਕੌਰ ਸਾਹਿਬ ’ਚ ਸਥਿਤ ਅਪਣੇ ਘਰ ਲਿਆਇਆ ਸੀ।
ਮੋਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਰਪ੍ਰੀਤ ਕੌਰ ਦੀ ਅਦਾਲਤ ਨੇ ਪਰਮਜੀਤ ਸਿੰਘ ਨੂੰ ਬੀਤੇ ਦਿਨੀਂ ਇਕ ਕੇਸ ਵਿਚ ਭਗੌੜਾ ਐਲਾਨਿਆ ਹੈ ਅਤੇ ਚਮਕੌਰ ਸਾਹਿਬ ਥਾਣੇ ਦੇ ਮੁਖੀ ਨੂੰ ਹਦਾਇਤ ਕੀਤੀ ਹੈ ਕਿ ਵਿਸ਼ੇਸ਼ ਪੁਲਿਸ ਪਾਰਟੀ ਬਣਾ ਕੇ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਜਾਵੇ ਅਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇ।
ਸ਼ਿਕਾਇਤਕਰਤਾ ਬਲਜਿੰਦਰ ਸਿੰਘ ਨੇ ਦਸਿਆ ਕਿ ਪਰਮਜੀਤ ਸਿੰਘ ਜਿਹੜਾ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਬਤੌਰ ਐਂਬੂਲੈਂਸ ਡਰਾਈਵਰ ਕੰਮ ਕਰਦਾ ਰਿਹਾ ਹੈ ਤੇ ਇਸ ਵੇਲੇ ਖਰੜ ਦੇ ਸਿਵਲ ਹਸਪਤਾਲ ਵਿਚ ਤੈਨਾਤ ਹੈ, ਨੇ ਉਸ ਕੋਲੋਂ ਕੁਝ ਸਾਲ ਪਹਿਲਾਂ ਕਿਸੇ ਕੰਮ ਲਈ ਡੇਢ ਲੱਖ ਰੁਪਏ ਉਧਾਰ ਲਏ ਸਨ ਜਿਹੜੇ ਬਾਅਦ ਵਿਚ ਉਸ ਨੇ ਮੋੜਨ ਤੋਂ ਇਨਕਾਰ ਕਰ ਦਿਤਾ।
ਇਸ ਤੋਂ ਬਾਅਦ ਉਸ (ਬਲਜਿੰਦਰ ਸਿੰਘ) ਨੇ ਮੋਹਾਲੀ ਦੀ ਅਦਾਲਤ ਵਿਚ ਕੇਸ ਦਾਇਰ ਕਰ ਦਿਤਾ ਸੀ। ਕੁਝ ਪੇਸ਼ੀਆਂ ਮਗਰੋਂ ਪਰਮਜੀਤ ਸਿੰਘ ਨੇ 90 ਹਜ਼ਾਰ ਰੁਪਏ ਅਦਾਲਤ ਦੀ ਹਾਜ਼ਰੀ ਵਿਚ ਵਾਪਸ ਕਰ ਦਿਤੇ ਸਨ ਪਰ ਬਾਕੀ ਰਕਮ ਹਾਲੇ ਵੀ ਬਾਕੀ ਹੈ।
ਉਨ੍ਹਾਂ ਦਸਿਆ ਕਿ ਅਦਾਲਤ ਵਲੋਂ ਪਰਮਜੀਤ ਸਿੰਘ ਨੂੰ ਪੇਸ਼ ਹੋਣ ਲਈ ਵਾਰ-ਵਾਰ ਸੰਮਨ ਕੱਢੇ ਗਏ ਸਨ ਪਰ ਉਹ ਅਦਾਲਤ ਵਿਚ ਪੇਸ਼ ਨਹੀਂ ਹੋਇਆ ਜਿਸ ਕਾਰਨ ਅਦਾਲਤ ਨੇ ਬੀਤੀ 30 ਮਈ ਨੂੰ ਪਰਮਜੀਤ ਸਿੰਘ ਨੂੰ ਇਸ਼ਤਿਹਾਰੀ ਮੁਲਜ਼ਮ ਕਰਾਰ ਦੇ ਦਿਤਾ ਅਤੇ ਪੁਲਿਸ ਨੂੰ ਉਸ ਦੀ ਗਿ੍ਰਫ਼ਤਾਰੀ ਲਈ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਨੇ ਇਹ ਬੱਕਰੀ 21 ਹਜ਼ਾਰ ਰੁਪਏ ਵਿਚ ਖ਼ਰੀਦੀ ਸੀ।