ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਅਗਨੀਪਥ ਯੋਜਨਾ ਰੱਦ ਕਰਨ ਦੀ ਮੰਗ
ਡੀ.ਸੀ ਨੂੰ ਸੌਂਪਿਆ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ
ਬਾਬੂਸ਼ਾਹੀ ਨੈਟਵਰਕ
ਨਵਾਂਸ਼ਹਿਰ 24 ਜੂਨ 2022
ਅੱਜ ਸੰਯੁਕਤ ਕਿਸਾਨ ਮੋਰਚਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦੇਕੇ ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਰੱਦ ਕਰਨ ਦੀ ਮੰਗ ਕੀਤੀ ਹੈ।ਇਸਤੋਂ ਪਹਿਲਾਂ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਬਜੀਦਪੁਰ,ਬਲਵੀਰ ਸਿੰਘ ਜਾਡਲਾ,ਦਸੌਂਧਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਅਗਨੀਪੱਥ ਯੋਜਨਾ ਜਵਾਨਾਂ ਅਤੇ ਕਿਸਾਨਾਂ ਨਾਲ ਖਿਲਵਾੜ ਹੈ।ਇਸ ਯੋਜਨਾ ਨੂੰ ਲਿਆਉਣ ਤੋਂ ਪਹਿਲਾਂ ਇਸ ਉੱਤੇ ਨਾ ਹੀ ਸੰਸਦ ਦੇ ਦੋਨਾਂ ਸਦਨਾਂ ਵਿਚ ਅਤੇ ਨਾ ਹੀ ਰੱਖਿਆ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਦੇ ਸਾਹਮਣੇ ਚਰਚਾ ਹੋਈ।ਇਹ ਯੋਜਨਾ ਰਾਸ਼ਟਰੀ ਸੁਰੱਖਿਆ ਲਈ ਵੱਡਾ ਧੱਕਾ ਹੈ।ਜੇਕਰ ਇਹ ਯੋਜਨਾ ਆਪਣੇ ਮੌਜੂਦਾ ਰੂਪ ਵਿਚ ਲਾਗੂ ਰਹਿੰਦੀ ਹੈ ਤਾਂ ਆਉਣ ਵਾਲੇ 15 ਸਾਲਾਂ ਵਿਚ ਹਥਿਆਰਬੰਦ ਸੇਨਾਵਾਂ ਦੀ ਤਾਕਤ ਅੱਧੀ ਰਹਿ ਜਾਵੇਗੀ।
ਰੈਜੀਮੈਂਟ ਦੇ ਸਮਾਜਿਕ ਢਾਂਚੇ ਨੂੰ ਰਾਤੋ ਰਾਤ ਬਦਲਣ ਨਾਲ ਫੌਜ ਦੇ ਮਨੋਬਲ ਉੱਤੇ ਬੁਰਾ ਪ੍ਰਭਾਵ ਪਵੇਗਾ।ਫੌਜ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਘਟਾਉਣਾ, ਸੇਵਾ ਦੀ ਮਿਆਦ 4 ਸਾਲ ਤੱਕ ਘਟਾਉਣਾ ਅਤੇ ਪੈਨਸ਼ਨ ਖਤਮ ਕਰਨਾ ਉਹਨਾਂ ਸਾਰੇ ਨੌਜਵਾਨਾਂ ਅਤੇ ਪਰਿਵਾਰਾਂ ਨਾਲ ਬੇਇਨਸਾਫ਼ੀ ਹੈ ਜਿਨ੍ਹਾਂ ਨੇ ਫੌਜ ਨੂੰ ਦੇਸ਼ ਦੀ ਸੇਵਾ ਦੇ ਕੈਰੀਅਰ ਵਜੋਂ ਦੇਖਿਆ ਹੈ।ਦੇਸ਼ ਭਰ ਵਿਚ ਵਿਆਪਕ ਵਿਰੋਧ ਦੇ ਬਾਵਜੂਦ 24 ਜੂਨ ਤੋਂ ਇਸ ਸਕੀਮ ਦੀ ਰਜਿਸਟਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।ਆਗੂਆਂ ਨੇ ਅਗਨੀਪੱਥ ਯੋਜਨਾ ਨੂੰ ਫੌਰੀ ਤੌਰ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਹੈ।ਇਸ ਮੌਕੇ ਕਰਨੈਲ ਮੌਲਾ ਉੜਾਪੜ, ਅਮਰਜੀਤ ਸਿੰਘ ਬੁਰਜ ਗਿੱਲ,ਸੁਤੰਤਰ ਕੁਮਾਰ, ਚਰਨਜੀਤ ਸਿੰਘ ਦੌਲਤ ਪੁਰ,ਜਰਨੈਲ ਸਿੰਘ ਰਾਣੇਵਾਲ,ਮੁਕੰਦ ਲਾਲ, ਜਸਵਿੰਦਰ ਭੰਗਲ,ਪਰਮਜੀਤ ਸਿੰਘ ਸ਼ਹਾਬਪੁਰ ਆਗੂ ਵੀ ਮੌਜੂਦ ਸਨ।