ਸੰਯੁਕਤ ਕਿਸਾਨ ਮੋਰਚਾ ਨੇ ਅਗਨੀਪਥ ਯੋਜਨਾ ਦੇ ਵਿਰੋਧ ਚ ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗਪੱਤਰ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 24 ਜੂਨ 2022- ਸੰਯੁਕਤ ਕਿਸਾਨ ਮੋਰਚਾ ਵੱਲੋਂ ਡਿਪਟੀ ਕਮਿਸ਼ਨਰ ਰੋਪੜ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪੁਰਜ਼ੋਰ ਮੰਗ ਕੀਤੀ ਗਈ ਕਿ ਅਗਨੀਪਥ ਯੋਜਨਾ ਬਿਲਕੁਲ ਵੀ ਦੇਸ਼ ਹਿੱਤ ਵਿੱਚ ਨਹੀਂ ਹੈ ਅਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਦੇ ਲਾਗੂ ਹੋਣ ਨਾਲ ਦੇਸ਼ ਹੋਰ ਨਿਘਾਰ ਵੱਲ ਜਾਵੇਗਾ ਅਤੇ ਫੌਜ ਵਿੱਚ ਸਿਆਸੀ ਦਖਲ ਵੀ ਵਧ ਸਕਦਾ ਹੈ। ਬੁਲਾਰਿਆਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਵਿਸ਼ਾਲ ਏਕਤਾ ਕਾਇਮ ਕਰ ਕੇ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਕੇ ਹੀ ਇਹ ਨੀਤੀਆਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਸਰਕਾਰ ਕਦੇ ਮਜ਼ਦੂਰਾਂ ਨੂੰ ਕਦੇ ਕਿਸਾਨਾਂ ਨੂੰ ਅਤੇ ਕਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਨੀਤੀਆਂ ਲਾਗੂ ਕਰ ਰਹੀ ਹੈ। ਹੁਣ ਅਗਨੀਪਥ ਯੋਜਨਾ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ ਪਰ ਕਿਸਾਨ ਅਤੇ ਨੌਜਵਾਨ ਸਾਰੇ ਵਰਗਾਂ ਦੇ ਸਹਿਯੋਗ ਨਾਲ ਇਸ ਨੂੰ ਵਾਪਸ ਕਰਵਾਉਣ ਲਈ ਅਣਥੱਕ ਸੰਘਰਸ਼ ਕਰ ਕੇ ਇਸ ਨੂੰ ਲਾਗੂ ਨਹੀਂ ਹੋਣ ਦੇਣਗੇ।
ਬੁਲਾਰਿਆਂ ਵਿੱਚ ਕੈਪਟਨ ਮੁਲਤਾਨ ਸਿੰਘ, ਗੁਰਮੇਲ ਸਿੰਘ ਕੋਟਬਾਲਾ, ਜਗਮਨਦੀਪ ਸਿੰਘ ਪੜ੍ਹੀ, ਕਾਮਰੇਡ ਦਲੀਪ ਸਿੰਘ ਘਨੌਲਾ, ਗੁਰਨੈਬ ਸਿੰਘ ਜੈਤੇਵਾਲ, ਦਲਜੀਤ ਸਿੰਘ ਚਲਾਕੀ, ਕੁਲਵਿੰਦਰ ਸਿੰਘ ਪੰਜੋਲਾ ਆਦਿ ਸ਼ਾਮਲ ਸਨ ਅਤੇ ਇਸ ਮੌਕੇ ਤਰਲੋਚਨ ਸਿੰਘ ਹੁਸੈਨਪੁਰ, ਪਵਨ ਕੁਮਾਰ ਚੱਕ ਕਰਮਾਂ, ਰੇਸ਼ਮ ਸਿੰਘ ਬਡਾਲੀ, ਰਜਿੰਦਰ ਸਿੰਘ ਅਲੀਪੁਰ, ਗੁਰਦੇਵ ਸਿੰਘ ਬਾਗੀ,ਮੋਹਣ ਸਿੰਘ ਧਮਾਣਾ, ਡਾਕਟਰ ਕੁਲਵੰਤ ਸਿੰਘ, ਧਰਮ ਪਾਲ ਸੈਣੀ ਆਦਿ ਹਾਜ਼ਰ ਸਨ।ਸਟੇਜ ਦੀ ਕਾਰਵਾਈ ਸਤਨਾਮ ਸਿੰਘ ਮਾਜਰੀ ਨੇ ਨਿਭਾਈ।