'ਗੁਜਰਾਤ ਸਰਕਾਰ ਨੇ ਗੋਧਰਾ ਕਾਂਡ ਤੋਂ ਬਾਅਦ ਫੌਜ ਬੁਲਾਉਣ 'ਚ ਦੇਰੀ ਨਹੀਂ ਕੀਤੀ ਸੀ ਪਰ ਕਾਂਗਰਸ ਨੇ ... : ਅਮਿਤ ਸ਼ਾਹ
ਕਿਹਾ, ਪਰ ਕਾਂਗਰਸ ਨੇ 1984 'ਚ ਤਿੰਨ ਦਿਨ ਬਾਅਦ ਫੌਜ ਤਾਇਨਾਤ ਕੀਤੀ ਸੀ
ਨਵੀਂ ਦਿੱਲੀ, 25 ਜੂਨ 2022 : ਸੁਪਰੀਮ ਕੋਰਟ ਵੱਲੋਂ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਜ਼ਕੀਆ ਜਾਫਰੀ ਦੇ ਕੇਸ ਨੂੰ ਸ਼ੁੱਕਰਵਾਰ ਨੂੰ ਖਾਰਜ ਕਰਨ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਗੋਧਰਾ ਦੰਗਿਆਂ ਤੋਂ ਬਾਅਦ ਤਤਕਾਲੀ ਗੁਜਰਾਤ ਸਰਕਾਰ ਨੇ ਫੌਜ ਨੂੰ ਬੁਲਾਉਣ 'ਚ ਦੇਰੀ ਨਹੀਂ ਕੀਤੀ, ਜਦਕਿ 1984 ਦੇ ਦੰਗਿਆਂ ਦੌਰਾਨ ਕਾਂਗਰਸ ਸਰਕਾਰ ਨੇ ਤਿੰਨ ਦਿਨ ਬਾਅਦ ਫੌਜ ਨੂੰ ਤਾਇਨਾਤ ਕੀਤਾ ਸੀ।
ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਗੁਜਰਾਤ ਦੰਗਿਆਂ ਸਬੰਧੀ ਜ਼ਕੀਆ ਜਾਫ਼ਰੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਤਸੱਲੀ ਪ੍ਰਗਟਾਈ। ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਪੀਐੱਮ ਮੋਦੀ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ, ਪੀਐਮ ਮੋਦੀ 'ਤੇ ਝੂਠੇ ਦੋਸ਼ ਲਾਏ ਗਏ ਸਨ।
ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦੀ ਸ਼ਲਾਘਾ ਕੀਤੀ
ਅਮਿਤ ਸ਼ਾਹ ਨੇ ਕਿਹਾ ਕਿ 2002 ਦੇ ਗੋਧਰਾ ਕਾਂਡ ਅਤੇ ਉਸ ਤੋਂ ਬਾਅਦ ਦੇ ਦੰਗਿਆਂ ਦੌਰਾਨ ਸਥਿਤੀ ਨਾਲ ਨਜਿੱਠਣ ਲਈ ਫੌਜ ਨੂੰ ਬੁਲਾਉਣ ਵਿੱਚ ਗੁਜਰਾਤ ਸਰਕਾਰ ਵੱਲੋਂ ਕੋਈ ਦੇਰੀ ਨਹੀਂ ਕੀਤੀ ਗਈ। ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਨੇ ਵੀ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਤੁਰੰਤ ਅਤੇ ਨਿਰਪੱਖ ਦੱਸਿਆ ਸੀ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਇੰਨੇ ਸਿੱਖ ਮਾਰੇ ਗਏ ਸਨ, ਪਰ ਤਿੰਨ ਦਿਨ ਤੱਕ ਕੋਈ ਕਾਰਵਾਈ ਨਹੀਂ ਹੋਈ, ਪਰ ਗੁਜਰਾਤ ਸਰਕਾਰ ਨੇ ਕੁਝ ਵੀ ਦੇਰੀ ਨਹੀਂ ਕੀਤੀ ਸੀ| ਸ਼ਾਹ ਨੇ ਕਿਹਾ ਕਿ ਜਦੋਂ ਗੁਜਰਾਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਉਦੋਂ ਹੀ ਅਸੀਂ ਫੌਜ ਬੁਲਾ ਲਈ ਸੀ। ਫੌਜ ਨੂੰ ਪਹੁੰਚਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ ਪਰ ਗੁਜਰਾਤ ਸਰਕਾਰ ਨੇ ਇੱਕ ਦਿਨ ਦੀ ਵੀ ਦੇਰੀ ਨਹੀਂ ਕੀਤੀ। ਅਦਾਲਤ ਨੇ ਵੀ ਇਸ ਦੀ ਸ਼ਲਾਘਾ ਕੀਤੀ ਹੈ।
ਦੱਸ ਦੇਈਏ ਕਿ ਗੁਜਰਾਤ ਦੰਗਿਆਂ ਦੌਰਾਨ ਮਾਰੇ ਗਏ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਦੀ ਪਤਨੀ ਜ਼ਕੀਆ ਜਾਫਰੀ ਨੇ ਐਸਆਈਟੀ ਦੀ ਉਸ ਰਿਪੋਰਟ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਵਿੱਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਹੋਰਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜ਼ਕੀਆ ਦੀ ਪਟੀਸ਼ਨ ਖਾਰਜ ਕਰ ਦਿੱਤੀ।