ਸੰਗਰੂਰ ਦੇ ਨਵੇਂ MP ਨੇ 84 ਸਿੱਖ ਕਤਲੇਆਮ ਦੇ ਵਿਰੋਧ 'ਚ ਨੌਕਰੀ ਛੱਡੀ, ਤਲਵਾਰ ਨਾ ਚੁੱਕਣ 'ਤੇ ਲੋਕ ਸਭਾ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ, 26 ਜੂਨ : ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਨਵੇਂ ਸੰਸਦ ਮੈਂਬਰ ਬਣੇ ਹਨ। ਮਾਨ ਆਪਣੇ ਸਿਆਸੀ ਜੀਵਨ ਵਿੱਚ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। 77 ਸਾਲਾ ਸਿਮਰਨਜੀਤ ਸਿੰਘ ਮਾਨ ਨੇ ਜ਼ਿਮਨੀ ਚੋਣਾਂ ਵਿਚ ਸੱਤਾਧਾਰੀ ਪਾਰਟੀ 'ਆਪ' ਦੇ ਉਮੀਦਵਾਰ ਨੂੰ ਹਰਾ ਕੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ। ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ ਅਤੇ ਇਹ ਸੀਟ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਹੀ ਖਾਲੀ ਹੋਈ ਸੀ। ਇੱਥੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੀ ਹਾਰ ਕਾਰਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।
ਸੂਬੇ ਦੀ ਗਰਮ ਖਿਆਲੀ ਸਿਆਸਤ ਦਾ ਕੇਂਦਰ ਸਮਝੇ ਜਾਂਦੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ IPS ਲਈ 1966 ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਅਤੇ ਉਸ ਤੋਂ ਬਾਅਦ 1967 ਵਿੱਚ ਉਹ ਭਾਰਤੀ ਪੁਲਿਸ ਸੇਵਾ (ਆਈਪੀਐਸ) ਲਈ ਚੁਣੇ ਗਏ। ਉਨ੍ਹਾਂ ਨੂੰ ਪੰਜਾਬ ਕੇਡਰ ਮਿਲਿਆ। ਇਸ ਦੌਰਾਨ ਉਹ ਲੁਧਿਆਣਾ ਵਿੱਚ ASP ਵਜੋਂ, ਫਿਰੋਜ਼ਪੁਰ ਅਤੇ ਫਰੀਦਕੋਟ ਵਿੱਚ ਐਸ.ਐਸ.ਪੀ., ਫਿਰ ਉਹ ਮੁੰਬਈ ਵਿੱਚ ਸੀਆਈਐਸਐਫ ਦੇ ਗਰੁੱਪ ਕਮਾਂਡੈਂਟ ਸਨ।
ਸਾਕਾ ਨੀਲਾ ਤਾਰਾ ਤੋਂ ਨਾਰਾਜ਼ ਹੋ ਕੇ ਕੁਰਸੀ ਛੱਡ ਦਿੱਤੀ
ਸਿਮਰਨਜੀਤ ਸਿੰਘ ਮਾਨ ਨੇ 18 ਜੂਨ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਅਤੇ ਸਾਕਾ ਨੀਲਾ ਤਾਰਾ ਵਿੱਚ ਅੰਮ੍ਰਿਤਸਰ ਵਿੱਚ ਸ੍ਰੀ ਹਰਮਿੰਦਰ ਸਾਹਿਬ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਸੀ। ਮਾਨ ਨੂੰ ਭਾਰਤ-ਨੇਪਾਲ ਸਰਹੱਦ 'ਤੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ, ਮਾਨ ਦੇ ਖਿਲਾਫ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਦੇਸ਼ਧ੍ਰੋਹ ਤੱਕ ਕਈ ਕੇਸ ਦਰਜ ਕੀਤੇ ਗਏ ਸਨ।
1989 ਦੀਆਂ ਲੋਕ ਸਭਾ ਚੋਣਾਂ ਜੇਲ੍ਹ ਤੋਂ ਲੜੀਆਂ
ਪੰਜ ਸਾਲ ਭਾਗਲਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਮਾਨ ਨੇ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਤਰਨ ਤਾਰਨ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਉਨ੍ਹਾਂ 5,27,707 ਵੋਟਾਂ ਲੈ ਕੇ ਰਿਕਾਰਡ ਜਿੱਤ ਦਰਜ ਕੀਤੀ। ਉਨ੍ਹਾਂ ਦੇ ਖਿਲਾਫ ਅਜੀਤ ਸਿੰਘ ਮਾਨ (ਜ਼ਿਲ੍ਹਾ ਅੰਮ੍ਰਿਤਸਰ ਕਾਂਗਰਸ ਪ੍ਰਧਾਨ) ਨੇ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਸੀਟ 'ਤੇ ਮਾਨ ਨੇ 561883 ਵੋਟਾਂ 'ਚੋਂ 527707 ਵੋਟਾਂ ਲੈ ਕੇ ਕਾਂਗਰਸ ਦੇ ਅਜੀਤ ਸਿੰਘ ਮਾਨ ਨੂੰ 480417 ਵੋਟਾਂ ਨਾਲ ਹਰਾਇਆ। ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਨ੍ਹਾਂ ਨੂੰ ਤਰਨ ਤਾਰਨ ਤੋਂ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
ਜਿੱਥੇ ਰਿਕਾਰਡ ਬਣਾਇਆ ਗਿਆ ਉਥੇ ਹੀ ਜ਼ਮਾਨਤ ਜ਼ਬਤ ਹੋ ਗਈ
ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚ ਰਹਿੰਦਿਆਂ ਤਰਨਤਾਰਨ ਤੋਂ ਲੋਕ ਸਭਾ ਚੋਣ ਲੜੀ ਸੀ। ਚੋਣਾਂ ਵਿੱਚ 93.92 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਮਾਨ 30 ਸਾਲ ਬਾਅਦ ਵੀ ਰਿਕਾਰਡ ਨਹੀਂ ਤੋੜ ਸਕੇ। ਹਾਲਾਂਕਿ 25 ਸਾਲ ਬਾਅਦ ਇਸੇ ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।
1999 ਵਿੱਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ
ਸਿਮਰਨਜੀਤ ਸਿੰਘ ਮਾਨ ਦਾ ਜਨਮ 20 ਮਈ 1945 ਨੂੰ ਇੱਕ ਸਿਆਸੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ ਵੀ 1967 ਵਿੱਚ ਵਿਧਾਨ ਸਭਾ ਦੇ ਸਪੀਕਰ ਸਨ। ਮਾਨ ਨੇ 1999 ਵਿੱਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਸੀ। ਮਾਨ ਤਰਨ ਤਾਰਨ ਤੋਂ ਰਿਕਾਰਡ ਤੋੜ ਜਿੱਤ ਤੋਂ ਬਾਅਦ ਵੀ ਦੇਸ਼ ਦੀ ਪਾਰਲੀਮੈਂਟ ਤੱਕ ਨਹੀਂ ਪਹੁੰਚ ਸਕੇ। ਮਾਨ ਨੇ ਪਾਰਲੀਮੈਂਟ ਵਿੱਚ ਸ਼੍ਰੀ ਸਾਹਿਬ ਲਿਜਾਨ ਨਹੀ ਦਿੱਤੀ ਗਈ ਤਾਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ।
2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਖਡੂਰ ਸਾਹਿਬ (ਪਹਿਲਾਂ ਤਰਨਤਾਰਨ) ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਚੋਣ ਵਿੱਚ ਕੁੱਲ 17 ਉਮੀਦਵਾਰ ਮੈਦਾਨ ਵਿੱਚ ਸਨ। ਮਾਨ ਨੂੰ ਚੋਣਾਂ ਵਿੱਚ ਸਿਰਫ਼ 13,990 ਵੋਟਾਂ ਮਿਲੀਆਂ। ਚੋਣ ਨਤੀਜਿਆਂ 'ਚ ਉਹ ਚੌਥੇ ਨੰਬਰ 'ਤੇ ਆਇਆ ਸੀ ਅਤੇ ਉਸ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ।
ਸਿੱਧੂ ਮੂਸੇਵਾਲਾ ਨੇ ਸਮਰਥਨ ਕੀਤਾ ਸੀ ?
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਜਿਸ ਦਾ ਕੁਝ ਸਮਾਂ ਪਹਿਲਾਂ ਕਤਲ ਹੋ ਗਿਆ ਸੀ) ਨੇ ਵੀ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕੀਤਾ ਸੀ। ਮੂਸੇਵਾਲਾ ਵੀ ਮਾਨ ਦਾ ਚੋਣ ਪ੍ਰਚਾਰ ਕਰਨ ਵਾਲੇ ਸਨ। ਮਾਨ ਦੀ ਜਿੱਤ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ। ਪੰਜਾਬ 'ਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਮਨ-ਕਾਨੂੰਨ ਨੂੰ ਲੈ ਕੇ 'ਆਪ' ਸਰਕਾਰ 'ਤੇ ਕਈ ਸਵਾਲ ਖੜ੍ਹੇ ਹੋ ਗਏ ਸਨ, ਕਿਉਂਕਿ ਕਤਲ ਤੋਂ ਇਕ ਦਿਨ ਪਹਿਲਾਂ ਸੂਬਾ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ।
ਸਿਮਰਨਜੀਤ ਮਾਨ ਹਰ ਵਾਰ ਵਿਧਾਨ ਸਭਾ ਚੋਣ ਲੜਦੇ ਰਹੇ ਹਨ। ਇਸੇ ਸਾਲ ਉਨ੍ਹਾਂ ਅਮਰਗੜ੍ਹ ਸੀਟ ਤੋਂ ਵਿਧਾਨ ਸਭਾ ਚੋਣ ਲੜੀ। ਹਾਲਾਂਕਿ ਇੱਥੋਂ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਗੱਜਣਮਾਜਰਾ ਨੇ ਉਨ੍ਹਾਂ ਨੂੰ 6043 ਨਾਲ ਹਰਾਇਆ। ਇਸ ਤੋਂ ਬਾਅਦ ਸਿਮਰਨਜੀਤ ਮਾਨ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਗਾਈ ਗਈ ਡਿਊਟੀ ਅਨੁਸਾਰ ਹਰ ਵਾਰ ਚੋਣ ਲੜਦੇ ਹਨ। ਮਾਨ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ 1999 ਤੋਂ ਬਾਅਦ ਉਹ ਲਗਾਤਾਰ ਲੋਕਾਂ ਵੱਲੋਂ ਨਕਾਰੇ ਜਾਂਦੇ ਰਹੇ ਹਨ। 23 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਹੁਣ ਉਹ ਤੀਜੀ ਵਾਰ ਸੰਗਰੂਰ ਸੀਟ ਤੋਂ ਜਿੱਤੇ ਹਨ।