ਮਲਟੀਪਰਪਜ ਸਕੂਲ ‘ਸਵੱਛ ਵਿਦਿਆਲਿਆ ਪੁਰਸਕਾਰ’ ਨਾਲ ਸਨਮਾਨਿਤ
- ਨੈਸ਼ਨਲ ਐਵਾਰਡੀ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੇ ਡਿਪਟੀ ਕਮਿਸ਼ਨਰ ਤੋਂ ਹਾਸਲ ਕੀਤਾ ਪੁਰਸਕਾਰ
ਜਗਤਾਰ ਸਿੰਘ
ਪਟਿਆਲਾ 28 ਜੂਨ 2022 - ਭਾਰਤ ਸਰਕਾਰ ਦੀ ‘ਸਵੱਛ ਇੰਡੀਆ’ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਪੱਧਰੀ ਪੁਰਸਕਾਰ ਦੀ ਚੋਣ ਕਰਨ ਹਿੱਤ ਜ਼ਿਲ੍ਹੇਵਾਰ ‘ਸਵੱਛ ਵਿਦਿਆਲਾ’ ਦੀ ਚੋਣ ਕੀਤੀ ਗਈ ਹੈ। ਸੈਸ਼ਨ 2021-22 ਦੌਰਾਨ ਸਵੱਛਤਾ ਦੇ ਵੱਖ-ਵੱਖ ਮਾਪਦੰਡਾਂ ਤਹਿਤ ਸਕੂਲਾਂ ’ਚ ਸਵੱਛਤਾ ਸਬੰਧੀ ਮਾਪਦੰਡਾਂ ਦਾ ਨਿਰੀਖਣ ਕੀਤਾ ਗਿਆ। ਇਸ ਸਰਵੇਖਣ ਦੇ ਆਧਾਰ ’ਤੇ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਨੇ ਜ਼ਿਲ੍ਹਾ ਪੱਧਰੀ ‘ਸਵੱਛਤਾ ਵਿਦਿਆਲਿਆ ਪੁਰਸਕਾਰ 2021-22’ ਹਾਸਲ ਕੀਤਾ ਹੈ।
ਜ਼ਿਲ੍ਹਾ ਪੱਧਰੀ ਕੰਪਲੈਕਸ ’ਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਹ ਪੁਰਸਕਾਰ ਸਕੂਲ ਪ੍ਰਿੰਸੀਪਲ ਨੈਸ਼ਨਲ ਐਵਾਰਡੀ ਤੋਤਾ ਸਿੰਘ ਚਹਿਲ ਨੂੰ ਪ੍ਰਦਾਨ ਕੀਤਾ। ਇਸ ਵੱਕਾਰੀ ਪੁਰਸਕਾਰ ਦੀ ਪ੍ਰਾਪਤੀ ਬਾਰੇ ਪ੍ਰਿੰਸੀਪਲ ਚਹਿਲ ਨੇ ਦੱਸਿਆ ਕਿ ਸੰਸਥਾ ਵੱਲੋਂ ਪ੍ਰਾਪਤ ਇਹ 'ਸਵੱਛਤਾ ਪੁਰਸਕਾਰ' ਇੱਕ ਵਰਣਨਯੋਗ ਮਾਅਰਕਾ ਹੈ, ਜਿਸ ’ਚ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਕਰਮਚਾਰੀਆਂ ਦਾ ਵਡਮੁੱਲਾ ਯੋਗਦਾਨ ਹੈ। ਇਸ ਜ਼ਿਲ੍ਹਾ ਪੱਧਰੀ ਪੁਰਸਕਾਰ ਵੰਡ ਸਮਾਰੋਹ ’ਚ ਏ.ਡੀ.ਸੀ ਈਸ਼ਾ ਸਿੰਘਲ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਹਰਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ) ਮਨਵਿੰਦਰ ਕੌਰ ਭੁੱਲਰ ਅਤੇ ਹੋਰ ਪ੍ਰਬੰਧਕੀ ਅਧਿਕਾਰੀ ਵੀ ਹਾਜ਼ਰ ਸਨ।