ਸੰਤ ਸੀਚੇਵਾਲ ਨੇ ਕੀਤਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ, ਲੋਕਾਂ ਨੇ ਦਰਿਆ ਵਿੱਚੋਂ ਮਿੱਟੀ ਕੱਢਣ ਅਤੇ ਵਹਿਣ ਬਦਲਣ ਦੀ ਕੀਤੀ ਮੰਗ
- ਨਾਜ਼ੁਕ ਥਾਵਾਂ ‘ਤੇ ਲੋਕਾਂ ਨੇ ਨੋਚਾਂ ਲਗਾਉਣ ਦੀ ਕੀਤੀ ਮੰਗ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 3 ਜੁਲਾਈ 2022 - ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਮੌਕੇ ਦਰਿਆ ਦੇ ਕੰਢੇ ‘ਤੇ ਵੱਸਣ ਵਾਲੇ 24 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਨੂੰ ਦਰਿਆ ਵਿੱਚ ਹੜ੍ਹ ਆਉਣ ਦੇ ਅਸਲੀ ਕਾਰਨ ਦੱਸਦਿਆ ਕਿਹਾ ਕਿ ਦਰਿਆ ਵਿੱਚੋਂ ਕਈ ਦਹਾਕਿਆਂ ਤੋਂ ਮਿੱਟੀ ਨਹੀਂ ਕੱਢੀ ਗਈ ਜਿਸ ਕਾਰਨ ਬਹੁਤੀਆਂ ਥਾਵਾਂ ‘ਤੇ ਦਰਿਆ ਉਚਾ ਹੋ ਚੁੱਕਾ ਹੈ।
ਦਰਿਆ ਦੇ ਐਨ ਕੰਢੇ ‘ਤੇ ਵੱਸਣ ਵਾਲੇ ਪਿੰਡਾਂ ਵਿੱਚ ਮੌਓ ਸਾਹਿਬ, ਫਤਿਹੇਪੁਰ ਭਗਵਾ ਤੇ ਬਾਊਪੁਰ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਨੇੜੇ ਦਰਿਆ ਘੁੰਮਕੇ ਵੱਗਦਾ ਹੈ ਜਿਸ ਕਾਰਨ ਧੁੱਸੀ ਬੰਨ੍ਹ ਨੂੰ ਢਾਹ ਲੱਗਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਜਿਵੇਂ ਉਨ੍ਹਾਂ ਦੇ ਗਿੱਦੜਪਿੰਡੀ ਨੇੜੇ ਦਰਿਆ ਦਾ ਵਹਿਣ ਬਦਲ ਕੇ ਵਿਚਕਾਰ ਕੀਤਾ ਹੈ ਉਸੇ ਤਰ੍ਹਾਂ ੳਨ੍ਹਾਂ ਦੇ ਪਿੰਡਾਂ ਦਾ ਵੀ ਕੀਤਾ ਜਾਵੇ ਤਾਂ ਦਰਿਆ ਢਾਹ ਕੇ ਉਨ੍ਹਾਂ ਦੀ ਜ਼ਮੀਨ ਨਾ ਨਿਗਲ ਜਾਵੇ। ਕਈ ਪਿੰਡਾਂ ਵਾਲਿਆਂ ਨੇ ਦਰਿਆ ਵਿੱਚ ਨੋਚਾਂ ਲਗਾਉਣ ਦੀ ਮੰਗ ਵੀ ਕੀਤੀ ਤਾਂ ਜੋ ਦਰਿਆ ਧੁੱਸੀ ਬੰਨ੍ਹ ਨੂੰ ਸਿੱਧੀ ਟੱਕਰ ਨਾ ਮਾਰ ਸਕੇ।
ਸੰਤ ਸੀਚੇਵਾਲ ਨੇ ਅੱਜ ਧੁੱਸੀ ਬੰਨ੍ਹ ‘ਤੇ ਜਿਹੜੇ ਪਿੰਡਾਂ ਦਾ ਦੌਰਾ ਕੀਤਾ ਉਨ੍ਹਾਂ ਵਿੱਚ ਜਾਣੀਆਂ ਚਾਹਲ, ਪਿੱਪਲੀ ਮਿਆਣੀ, ਫਤਿਹੇਪੁਰ ਭਗਵਾ,ਬਾਊਪੁਰ, ਖਹਿਰਾ ਮਸਤਰਕਾ, ਮੌਓ ਸਾਹਿਬ ਤੇ ਫਿਲੌਰ ਦਾ ਇਲਾਕਾ ਸ਼ਾਮਲ ਹੈ।
ਧੁੱਸੀ ਬੰਨ੍ਹ ਦਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਗਿੱਦੜਪਿੰਡੀ ਦਰਿਆ ਕਿਨਾਰੇ ਬਣੇ ਬੇਸ ਕੈਂਪ ‘ਤੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਸਮਾਗਮ ਵਿੱਚ ਹਾਜ਼ਰ ਹੜ੍ਹ ਪ੍ਰਭਾਵਿਤ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਸ਼ਾਮੂਲੀਅਤ ਕੀਤੀ। ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਾਲ 2019 ਵਿੱਚ ਆਏ ਹੜ੍ਹ ਨੇ ਇਸ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਸੀ। ਉਦੋਂ 1200 ਕਰੋੜ ਦਾ ਨੁਕਸਾਨ ਹੋਇਆ ਸੀ। ਦਰਜਨ ਭਰ ਥਾਵਾਂ ਤੋਂ ਧੁੱਸੀ ਬੰਨ੍ਹ ਇਸੇ ਕਰਕੇ ਟੁੱਟ ਗਿਆ ਸੀ ਕਿਉਂਕਿ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠਾਂ ਜੰਮੀ ਮਿੱਟੀ ਕਾਰਨ ਡਾਫ ਲੱਗ ਗਈ ਸੀ।
ਉਨ੍ਹਾਂ ਦੱਸਿਆ ਕਿ ਸਾਲ 2019 ਤੋਂ ਸੰਤ ਸੀਚੇਵਾਲ ਲਗਾਤਾਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਦਰਿਆ ਵਿੱਚੋਂ ਡਰੇਨ ਵਿਭਾਗ ਦੇ ਸਹਿਯੋਗ ਨਾਲ ਮਿੱਟੀ ਕੱਢ ਰਹੇ ਹਨ। ਹਾਜ਼ਰ ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਹੋਰ ਮੋਹਤਬਰ ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗਿੱਦੜਪਿੰਡ ਰੇਲਵੇ ਪੁਲ ਹੇਠੋਂ ਜਦੋਂ ਤੱਕ ਮਿੱਟੀ ਨਹੀਂ ਕਢਵਾਈ ਜਾਂਦੀ ਉਦੋਂ ਤੱਕ ਹੜ੍ਹ ਆਉਣ ਦਾ ਖਤਰਾ ਬਣਿਆ ਰਹਿਣਾ ਹੈ। ਹੜ੍ਹ ਪੀੜਤ ਲੋਕਾਂ ਨੇ ਇਕਸੁਰ ਹੁੰਦਿਆ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਨੂੰ ਸੰਭਾਵੀ ਹੜ੍ਹ ਤੋਂ ਬਚਾਇਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜਾ, ਮੁਖਤਿਆਰ ਸਿੰਘ, ਦਇਆ ਸਿੰਘ ਸੀਚੇਵਾਲ ,ਕੇਵਲ ਸਿੰਘ,ਫੁਮੰਣ ਸਿੰਘ,ਮੋਨੂੰ ਪਟਵਾਰੀ,ਲਖਵਿੰਦਰ ਸਿੰਘ,ਗੁਰਚਰਨ ਸਿੰਘ,ਸਰਪੰਚ ਚੱਕਚੇਲਾ ਜੋਗਾ ਸਿੰਘ, ਸਰਪੰਚ ਮਹਿਮੂਵਾਲ ਰਾਣਾ, ਅਮਰੀਕ ਸਿੰਘ ਸੰਧੂ,ਗੁਰਦੀਪ ਸਿੰਘ ਗੋਗਾ, ਸਤਾਨਮ ਸਿੰਘ ਸਾਧੀ,ਤੇਜਿੰਦਰ ਸਿੰਘ ਰਾਮਪੁਰ, ਜੱਥੇਦਾਰ ਬਾਬਾ ਮੁਖਤਿਆਰ ਸਿੰਘ,ਜੱਥੇਦਾਰ ਬਲਵਿੰਦਰ ਸਿੰਘ, ਗੁਰਦੇਵ ਸਿੰਘ ਫੌਜੀ,ਨੰਬਰਦਾਰ ਪਿੰਡ ਬੱਲ ਨੌ ਤੋਂ ਮੇਜਰ ਸਿੰਘ, ਬੂਟਾ ਸਿੰਘ ਦਇਆ ਸਿੰਘ, ਦਲਵਿੰਦਰ ਸਿੰਘ ਮਰਾਜਵਾਲਾ ਸਮੇਤ ਪਿੰਡ ਬਾਊਪੁਰ ਤੇ ਪਿੱਪਲੀ ਮਿਆਣੀ ਦੀ ਸੰਗਤ ਵੀ ਹਾਜ਼ਰ ਸੀ।
ਬਾਕਸ ਆਈਟਿਮ
ਸਤਲੁਜ ਦਰਿਆ ਵਿੱਚ ਪੰਜ ਵਾਰੀ ਧੁੱਸੀ ਬੰਨ੍ਹ ਟੁੱਟਣ ਨਾਲ ਭਾਰੀ ਤਬਾਹੀ ਮਚਾਈ ਸੀ। ਸਾਲ 1988 ‘ਚ ਆਏ ਹੜ੍ਹ ਦੌਰਾਨ ਸਤਲੁਜ ਦਰਿਆ ਵਿੱਚ 6 ਲੱਖ ਕਿਊਸਿਕ ਪਾਣੀ ਵੱਗਿਆ ਸੀ। ਸਾਲ 1993 ਅਤੇ 1995 ਦੌਰਾਨ ਵੀ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ। ਸਤਲੁਜ ਦਰਿਆ ਵਿੱਚ ਦੀ 2 ਲੱਖ ਕਿਊਸਿਕ ਪਾਣੀ ਵੱਗਣ ਦੀ ਸਮਰੱਥਾ ਹੈ। ਸਾਲ 2008 ਵਿੱਚ ਸਿਰਫ 1 ਲੱਖ 22 ਕਿਊਸਿਕ ਆਏ ਹੜ੍ਹ ਦੇ ਪਾਣੀ ਨੇ ਹੀ ਧੁੱਸੀ ਬੰਨ੍ਹ ਤੋੜ ਦਿੱਤਾ ਸੀ ਕਿਉਂਕਿ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਵੱਡੀ ਪੱਧਰ ‘ਤੇ ਮਿੱਟੀ ਜੰਮੀ ਹੋਈ ਹੈ। ਸਾਲ 2019 ਵਿੱਚ ਆਏ ਹੜ੍ਹ ਨੇ 1200 ਕਰੋੜ ਦਾ ਨੁਕਸਾਨ ਕੀਤਾ ਸੀ।