ਪੰਜਾਬ 'ਚ ਦੁਧਾਰੂ ਪਸ਼ੂਆਂ ਵਿਚ ਗੰਭੀਰ ਭੇਦਭਰੀ ਬਿਮਾਰੀ ਫੈਲੀ, ਅਨੇਕਾਂ ਪਸ਼ੂਆਂ ਦੀ ਮੌਤ, ਵਿਭਾਗੀ ਅਧਿਕਾਰੀ ਅਣਜਾਣ
ਜਗਤਾਰ ਸਿੰਘ
ਪਟਿਆਲਾ, 04 ਅਗਸਤ 2022: ਪੰਜਾਬ ਦੇ ਅਨੇਕਾਂ ਹਿੱਸਿਆਂ ਵਿਚ ਦੁਧਾਰੂ ਪਸ਼ੂਆਂ ਵਿਚ ਗੰਭੀਰ ਭੇਦਭਰੀ ਬਿਮਾਰੀ ਫੈਲ ਗਈ ਹੈ ਜਿਸ ਕਾਰਨ ਪਸ਼ੂਆਂ ਦੀ ਮੌਤ ਹੋ ਗਈ ਹੈ।
ਫੀਲਡ ਵਿਚੋਂ ਮਿਲੇ ਅੰਕੜਿਆਂ ਦੇ ਮੁਤਾਬਕ ਪਸ਼ੂਆਂ ਵਿਚ ਇਕ ਭੇਦਭਰੀ ਬਿਮਾਰੀ ਫੈਲ ਰਹੀ ਹੈ। ਇਸ ਬਿਮਾਰੀ ਤਹਿਤ ਪਹਿਲਾਂ ਦੁਧਾਰੂ ਪਸ਼ੂਆਂ ਖਾਸ ਤੌਰ 'ਤੇ ਗਊਆਂ ਤੇ ਮੱਝਾਂ ਦੇ ਸਰੀਰ 'ਤੇ ਫੋੜੇ ਹੋ ਜਾਂਦੇ ਹਨ ਜੋ ਵੱਡਾ ਆਕਾਰ ਧਾਰਨ ਕਰ ਕੇ ਫੁੱਟ ਜਾਂਦੇ ਹਨ। ਇਸ ਬਿਮਾਰੀ ਕਾਰਨ ਪਸ਼ੂਆਂ ਦੀ ਮੌਤ ਹੋ ਰਹੀ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਬਿਮਾਰੀ ਕੀ ਹੈ ਤੇ ਕਿਉਂ ਹੋ ਰਹੀ ਹੈ ਪਰ ਪਸ਼ੂਆਂ ਦੇ ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਸ ਬਿਮਾਰੀ ਦਾ ਨਾਂ 'ਲੂੰਪੀ' ਹੈ ਜੋ ਮਨੁੱਖਾਂ ਵਿਚ ਮੋਂਕੀਪੋਕਸ ਵਾਂਗੂ ਫੈਲ ਰਹੀ ਹੈ।
ਪਸ਼ੂਆਂ ਦੇ ਇਲਾਜ ਵਿਚ ਸ਼ਾਮਲ ਕੁਝ ਡਾਕਟਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਬਿਮਾਰੀ ਦਾ ਭਾਰਤ ਵਿਚ ਕੋਈ ਇਲਾਜ ਨਹੀਂ ਹੈ। ਹਾਲਾਂਕਿ ਇਸਦੇ ਇਲਾਜ ਲਈ ਦਵਾਈ ਮੌਜੂਦ ਹੈ ਪਰ ਉਹ ਭਾਰਤ ਵਿਚ ਉਪਲਬਧ ਨਹੀਂ ਹੈ।
ਇਸ ਮਾਮਲੇ ਵਿਚ ਜਦੋਂ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਸਿੰਘ ਨਾਲ ਰਾਬਤਾ ਕੀਤਾ ਤਾਂ ਉਹਨਾਂ ਅਜਿਹੇ ਕਿਸੇ ਵੀ ਮਾਮਲੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਤੇ ਨਾਲ ਹੀ ਕਿਹਾ ਕਿ ਤੁਸੀਂ ਡਾਇਰੈਕਟਰ ਸਾਹਿਬ ਤੋਂ ਜਾਣਕਾਰੀ ਲੈ ਸਕਦੇ ਹਨ। ਜੋ ਨੰਬਰ ਪਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਭੇਜਿਆ, ਉਸ 'ਤੇ ਵਾਰ ਵਾਰ ਸੰਪਰਕ ਕਰਨ 'ਤੇ ਵੀ ਨੋ ਰਿਪਲਾਈ ਆ ਰਿਹਾ ਸੀ।
ਇਸ ਦੌਰਾਨ ਹੀ ਪੰਜਾਬ ਦੇ ਪਿੰਡਾਂ ਵਿਚ ਇਸ ਬਿਮਾਰੀ ਦਾ ਖੌਫ ਵੇਖਣ ਨੂੰ ਮਿਲ ਰਿਹਾ ਹੈ। ਮਾਹਿਰਾਂ ਮੁਤਾਬਕ 100 ਵਿਚੋਂ 5 ਤੋਂ 6 ਫੀਸਦੀ ਪਸ਼ੂ ਇਸ ਬਿਮਾਰੀ ਕਾਰਨ ਮੌਤ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਕੌਣ ਖਿਆਲ ਰੱਖੇਗਾ, ਕੌਣ ਪਸ਼ੂ ਪਾਲਕਾਂ ਨੂੰ ਮਦਦ ਦੇਵੇਗਾ ਤੇ ਇਸ ਬਿਮਾਰੀ ਦਾ ਇਲਾਜ ਦੇਵੇਗਾ, ਇਹ ਸਭ ਸਵਾਲਾਂ ਦੇ ਘੇਰੇ ਵਿਚ ਹੈ।
ਡੱਬੀ
ਬੱਕਰੀਆਂ ਦੀ ਦਵਾਈ ਹੀ ਉਪਲਬਧ
ਇਸ ਮਾਮਲੇ ਵਿਚ ਇਸ ਵੇਲੇ ਦੁਧਾਰੂ ਪਸ਼ੂਆਂ ਦੇ ਇਲਾਜ ਲਈ ਸਿਰਫ ਉਹ ਦਵਾਈ ਹੀ ਉਪਲਬਧ ਹੈ ਜੋ ਬੱਕਰੀਆਂ ਵਿਚ ਬਿਮਾਰੀ ਲਈ ਵਰਤੀ ਜਾਂਦੀ ਹੈ। ਇਹ ਦਵਾਈ 'ਗੋਟ ਪੋਕਸ ਵੈਕਸੀਨ' ਹੀ ਇਹਨਾਂ ਦੁਧਾਰੂ ਪਸ਼ੂਆਂ ਦੇ ਇਲਾਜ ਲਈ ਵਰਤੀ ਜਾ ਰਹੀ ਹੈ ਕਿਉਂਕਿ ਸੂਤਰਾਂ ਮੁਤਾਬਕ ਇਹਨਾਂ ਲਈ ਸਿੱਧੇ ਤੌਰ 'ਤੇ ਹੋਰ ਕੋਈ ਦਵਾਈ ਉਪਲਬਧ ਨਹੀਂ ਹੈ