ਬੀਜ ਵਿਕਰੇਤਾ ਡੀਲਰਾਂ ਦੀ ਨਿਯਮਤ ਚੈਕਿੰਗ ਦੇ ਦਿੱਤੇ ਨਿਰਦੇਸ਼
ਬਿਨ੍ਹਾਂ ਬੀਜ ਲਾਇਸੈਂਸ ਦੇ ਬੀਜ ਵੇਚਣ ’ਤੇ ਬੀਜ ਐਕਟ-1966 ਤਹਿਤ ਕੀਤੀ ਜਾਵੇ ਕਾਰਵਾਈ
ਹੁਸ਼ਿਆਰਪੁਰ, 04 ਅਗਸਤ 2022: ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੇਵ ਸਿੰਘ ਵਲੋਂ ਅੱਜ ਸਮੂਹ ਬਲਾਕ ਖੇਤੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਮਟਰਾਂ ਦੀ ਬਿਜਾਈ ਦਾ ਸੀਜ਼ਨ ਆ ਰਿਹਾ ਹੈ, ਇਸ ਲਈ ਬੀਜ ਵਿਕਰੇਤਾ ਡੀਲਰਾਂ ਦੀ ਨਿਯਮਤ ਚੈਕਿੰਗ ਕਰਨੀ ਯਕੀਨੀ ਬਣਾਈ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ, ਸੰਸਥਾ ਬਿਨ੍ਹਾਂ ਬੀਜ ਲਾਇਸੈਂਸ ਦੇ ਬੀਜ ਵੇਚਦਾ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਬੀਜ ਐਕਟ-1966 ਤਹਿਤ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕੁਆਲਟੀ ਕੰਟਰੋਲ ਤਹਿਤ ਵੱਧ ਤੋਂ ਵੱਧ ਮਟਰਾਂ ਦੇ ਬੀਜਾਂ ਦੇ ਸੈਂਪਲ ਲਏ ਜਾਣ, ਤਾਂ ਜੋ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਏ ਜਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆੜਤੀਆਂ ਜਾਂ ਕੋਈ ਹੋਰ ਇਨਪੁੱਟ ਡੀਲਰ ਬੀਜਾਂ ਦੀ ਸੇਲ ਦਾ ਕੰਮ ਕਰਨਾ ਚਾਹੁੰਦਾ ਹੈ, ਤਾਂ ਉਹ ਲਾਇਸੈਂਸਿੰਗ ਅਥਾਰਟੀ ਹੁਸ਼ਿਆਰਪੁਰ ਤੋਂ ਬੀਜਾਂ ਦਾ ਲਾਇਸੈਂਸ ਬਣਾ ਕੇ ਹੀ ਬੀਜ ਸੇਲ ਕਰ ਸਕਦਾ ਹੈ।