ਅਨਮੋਲ ਗਗਨ ਮਾਨ ਨੇ ਲੈਫਟੀਨੈਂਟ ਜਸਪ੍ਰੀਤ ਕੌਰ ਨੂੰ ਘਰ ਪਹੁੰਚ ਕੇ ਕੀਤਾ ਸਨਮਾਨਤ
ਮੁਹਾਲੀ, 5 ਅਗਸਤ, 2022: ਖਰੜ ਹਲਕੇ ਦੇ ਪਿੰਡ ਖਾਨਪੁਰ ਦੀ ਧੀ ਜਸਪ੍ਰੀਤ ਕੌਰ ਨੇ ਭਾਰਤੀ ਸੈਨਾ ਵਿਚ ਲੈਫਟੀਨੈਂਟ ਭਰਤੀ ਹੋ ਕੇ ਪਿੰਡ ਦੇ ਨਾਲ ਨਾਲ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।ਅੱਜ ਉਨ੍ਹਾਂ ਨੂੰ ਮਿਲਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਿਸ਼ੇਸ ਤੌਰ ’ਤੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਮਾਨ ਨੇ ਇਸ ਸਮੇਂ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ।
ਅਨਮੋਲ ਗਗਨ ਮਾਨ ਨੇ ਜਸਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਸ ਨੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਨਾਲ ਨਵੀਂ ਉਮਰ ਦੀਆਂ ਨੌਜਵਾਨ ਲੜਕੀਆਂ ਉਤਸ਼ਾਹਤ ਹੋਣਗੀਆ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਜਸਪ੍ਰੀਤ ਕੌਰ ਦੇ ਭਾਰਤੀ ਸੈਨਾ ਵਿਚ ਲੈਫਟੀਨੈਂਟ ਭਰਤੀ ਹੋਣ ਨਾਲ ਉਸਦੇ ਮਾਪਿਆਂ, ਪਿੰਡ ਨਿਵਾਸੀਆਂ ਅਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਉਹਨਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਇੱਕ ਗਰੀਬ ਪਰਿਵਾਰ ਵਿਚੋਂ ਉਠ ਕੇ ਜਸਪ੍ਰੀਤ ਕੌਰ ਨੇ ਦੇਸ਼ ਵਿਚ ਵੱਡਾ ਸਥਾਨ ਪ੍ਰਾਪਤ ਕੀਤਾ ਹੈ।
ਗੱਲਬਾਤ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਹਲਕੇ ਦੇ ਸਾਰੇ ਕੰਮ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕੀਤੇ ਜਾਣਗੇ ਅਤੇ ਹਲਕਾ ਖਰੜ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਅਤੇ ਚੰਗਾ ਜੀਵਨ ਦੇਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਉਂਦੇ 5 ਸਾਲਾਂ ਵਿਚ ਖਰੜ ਹਲਕੇ ਨੂੰ ਨਵੀਂ ਨੁਹਾਰ ਤੇ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਵਾਅਦੇ ਇਲਾਕਾ ਵਾਸੀਆਂ ਨਾਲ ਕੀਤੇ ਹਨ, ਉਹ ਸਾਰੇ ਪੂਰੇ ਕੀਤੇ ਜਾਣਗੇ।
ਜਸਪ੍ਰੀਤ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਬੀਤੀ 30 ਜੁਲਾਈ ਨੂੰ ਚੇਨਈ ਵਿਚ ਹੋਈ ਪਾਸਿੰਗ ਆਊਟ ਪਰੇਡ ਵਿਚ ਜਸਪ੍ਰੀਤ ਕੌਰ ਦੇ ਮੋਢਿਆਂ ’ਤੇ ਲੈਫਟੀਨੈਂਟ ਦੇ ਸਟਾਰ ਉਸਦੇ ਮਾਤਾ ਕਰਮਜੀਤ ਕੌਰ ਤੇ ਪਿਤਾ ਇੰਦਰਜੀਤ ਸਿੰਘ ਨੇ ਲਗਾਏ।ਜਸਪ੍ਰੀਤ ਇਸ ਸਫਲਤਾ ਦਾ ਸਿਹਰਾ ਆਪਣੀ ਨਾਨੀ ਕੇਸਰ ਕੌਰ ਨੂੰ ਦਿੰਦੀ ਹੈ।
ਇਸ ਮੌਕੇ ਜਸਪ੍ਰੀਤ ਕੌਰ ਦੇ ਪਰਿਵਾਰ ਨੇ ਕੈਬਨਿਟ ਮੰਤਰੀ ਦਾ ਘਰ ਆ ਕੇ ਹੌਂਸਲਾ ਅਫਜ਼ਾਈ ਕਰਨ ਲਈ ਧੰਨਵਾਦ ਕੀਤਾ। ਇਸ ਸਮੇਂ ਉਹਨਾਂ ਨਾਲ ਡੀਐਸਪੀ ਰੁਪਿੰਦਰ ਕੌਰ ਸੋਹੀ, ਪੀਏ ਸਟਾਫ ਸਮੇਤ ਹਲਕੇ ਦੇ ਵਲੰਟੀਅਰ ਹਾਜ਼ਰ ਸਨ।