ਪਟਿਆਲਾ ਦਾ ਸਖੀ ਵਨ ਸਟਾਪ ਸੈਂਟਰ ਲੋੜਵੰਦ ਤੇ ਪ੍ਰੇਸ਼ਾਨ ਔਰਤਾਂ ਲਈ ਵਰਦਾਨ
ਜੀ ਐਸ ਪੰਨੂ
ਪਟਿਆਲਾ, 05 ਅਗਸਤ,2022: ਪਟਿਆਲਾ ਦੇ ਮਾਤਾ ਕੌਸ਼ੱਲਿਆਂ ਸਰਕਾਰੀ ਹਸਪਤਾਲ ਵਿਖੇ ਕ੍ਰਿਸ਼ਨਾਂ ਲੈਬ ਦੇ ਸਾਹਮਣੇ ਹਫ਼ਤੇ ਦੇ 7 ਦਿਨ 24 ਘੰਟੇ ਨਿਰੰਤਰ ਕਾਰਜਸ਼ੀਲ ਸਖੀ-ਵਨ ਸਟਾਪ ਸੈਂਟਰ ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਸੈਂਟਰ ਦਾ ਮੁੱਢਲਾ ਮਕਸਦ ਪੀੜਤ ਮਹਿਲਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਕੇ ਉਨ੍ਹਾਂ ਨੂੰ ਯੋਗ ਸਹਾਇਤਾਂ ਰਾਹੀਂ ਨਿਆਂ ਦਿਵਾਉਣਾ ਯਕੀਨੀ ਬਣਾਉਣਾਂ ਹੈ।
ਸਮਾਜਿਕ ਸੁਰੱਖਿਆਂ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੇ ਜ਼ਿਲ੍ਹਾਂ ਪ੍ਰਸ਼ਾਸਣ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ ਇਸ ਸੈਂਟਰ ਵਿਖੇ ਹੁਣ ਤੱਕ 253ਦੇ ਕਰੀਬ ਕੇਸ ਪ੍ਰਾਪਤ ਹੋਏ ਸਨ। ਇਨ੍ਹਾਂ 'ਚੋਂ 41 ਕੇਸਾਂ 'ਚ ਕਾਊਂਸਲਿੰਗ ਦੇ ਮਾਧਿਅਮ ਰਾਹੀਂ ਘਰ ਵਸਾਏ ਗਏ ਅਤੇ 24 ਕੇਸਾਂ 'ਚ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਤੋਂ ਇਲਾਵਾ 6 ਮਾਮਲਿਆਂ 'ਚ ਮੈਡੀਕਲ ਸਹਾਇਤਾਂ ਦਿੱਤੀ ਗਈ। 21 ਕੇਸਾਂ 'ਚ ਅਸਥਾਈ ਆਸਰਾਂ ਦੇਣ ਤੋਂ ਇਲਾਵਾਂ 141 ਕੇਸਾਂ 'ਚ ਮਨੋਵਿਗਿਆਨਕ ਕਾਊਂਸਲਿੰਗ ਕੀਤੀ।ਜਦੋਂਕਿ 119 ਕਾਨੂੰਨੀ ਕਾਊਂਸਲਿੰਗ ਅਤੇ 34 ਕਾਨੂੰਨੀ ਸਹਾਇਤਾਂ ਮੁਹੱਈਆ ਕਰਵਾਈ ਗਈ ਹੈ।
ਸਖੀ ਵਨ ਸਟਾਪ ਸੈਂਟਰ, ਪਟਿਆਲਾ ਦੇ ਇੰਚਾਰਜ ਰਾਜਮੀਤ ਕੌਰ ਨੇ ਦੱਸਿਆਂ ਕਿ ਵਨ ਸਟਾਪ ਸੈਂਟਰ ਵਿਖੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਪੀੜਿਤ ਔਰਤ ਅਤੇ ਲੜਕੀ (ਘਰੇਲੂ ਹਿੰਸਾ, ਜਬਰ ਜਨਾਹ, ਐਸਿਡ ਅਟੈਕ, ਬਾਲ ਯੋਨ-ਸ਼ੋਸ਼ਣ, ਬਾਲ ਵਿਆਹ, ਦਹੇਜ ਉਤਪੀੜਨ, ਸਾਈਬਰ ਕ੍ਰਾਈਮ, ਮਹਿਲਾ ਤਸਕਰੀ, ਗੁੰਮਸ਼ੁਦਾ ਆਦਿ) ਨੂੰ ਇੱਕੋ ਛੱਤ ਥੱਲੇ ਕਾਊਂਸਲਿੰਗ, ਮਨੋਵਿਗਿਆਨਕ ਕਾਊਂਸਲਿੰਗ, ਮੈਡੀਕਲ ਸਹਾਇਤਾਂ, ਪੁਲਿਸ ਸਹਾਇਤਾਂ, ਕਾਨੂੰਨੀ ਸਹਾਇਤਾਂ ਤੇ ਅਸਥਾਈ ਆਸਰਾ ਆਦਿ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ।
ਵਨ ਸਟਾਪ ਸੈਂਟਰ ਹਿੰਸਾਂ, ਸ਼ੋਸ਼ਣ ਜਾਂ ਕਿਸੇ ਹੋਰ ਸਮੱਸਿਆਂ ਤੋਂ ਪ੍ਰਭਾਵਿਤ ਔਰਤਾਂ ਨੂੰ ਏਕੀਕ੍ਰਿਤ ਸੇਵਾਵਾਂ ਇੱਕੋ ਛੱਤ ਥੱਲੇ ਪ੍ਰਦਾਨ ਕਰਦਾ ਹੈ, ਜਿਨ੍ਹਾਂ 'ਚ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ/ਕੇਸ ਪ੍ਰਬੰਧਨ, ਮਨੋ-ਰੋਗ ਮਾਹਿਰ ਦੀ ਸਲਾਹ ਅਤੇ ਅਸਥਾਈ ਸਹਾਇਤਾ ਸੇਵਾਵਾਂ ਸ਼ਾਮਲ ਹਨ। ਪੀੜਤ ਔਰਤਾਂ ਨਿੱਜੀ ਤੌਰ 'ਤੇ ਇਸ ਕੇਂਦਰ ਤੱਕ ਪਹੁੰਚ ਕਰ ਸਕਦੀਆਂ ਹਨ।