ਕੈਨੇਡਾ: ਸਰੀ ਸਿਟੀ ਕੌਂਸਲ ਦੇ ਮੇਅਰ ਦੀ ਚੋਣ ਦਿਲਚਸਪ ਦੌਰ ਵਿਚ ਪਹੁੰਚੀ
ਇਕ ਹੋਰ ਪੰਜਾਬੀ ਕੁਲਦੀਪ ਪੇਲੀਆ ਉੱਤਰਿਆ ਮੈਦਾਨ ਵਿਚ
ਹਰਦਮ ਮਾਨ,ਬਾਬੂਸ਼ਾਹੀ ਨੈਟਵਰਕ
ਸਰੀ, 6 ਅਗਸਤ 2022 - ਅਕਤੂਬਰ ਮਹੀਨੇ ਵਿਚ ਹੋ ਰਹੀ ਸਰੀ ਸਿਟੀ ਕੌਂਸਲ ਦੇ ਮੇਅਰ ਦੀ ਚੋਣ ਦਿਲਚਸਪ ਦੌਰ ਵਿਚ ਪਹੁੰਚ ਗਈ ਹੈ। ਸਰੀ ਦੇ ਮੇਅਰ ਦੀ ਕੁਰਸੀ ਨੂੰ ਹੱਥ ਪਾਉਣ ਲਈ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਤੇ ਐਮ.ਐਲ.ਏ. ਸਮੇਤ ਪੰਜ ਉਮੀਦਵਾਰ ਪਹਿਲਾਂ ਹੀ ਆਪੋ ਆਪਣੀਆਂ ਟੀਮਾਂ ਨਾਲ ਕਮਰਕੱਸੇ ਕਰ ਚੁੱਕੇ ਹਨ ਅਤੇ ਹੁਣ ਇਕ ਹੋਰ ਪੰਜਾਬੀ ਉਮੀਦਵਾਰ ਕੁਲਦੀਪ ਪੇਲੀਆ ਨੇ ਵੀ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ।
ਕੁਲਦੀਪ ਪੇਲੀਆ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦਾ ਹੈ ਅਤੇ ਸਰੀ ਨਿਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮੁੱਦੇ ਅਕਸਰ ਹੀ ਉਠਾਉਂਦਾ ਰਹਿੰਦਾ ਹੈ। ਉਸ ਨੇ 2018 ਵਿੱਚ ਸਰੀ ਕੌਂਸਲਰ ਦੀ ਚੋਣ ਲੜੀ ਸੀ ਪਰ ਸਫਲਤਾ ਨਹੀਂ ਸੀ ਮਿਲੀ। ਕੁਲਦੀਪ ਪੇਲੀਆ ਦਾ ਕਹਿਣਾ ਹੈ ਕਿ ਉਹ ਕੋਈ ਸਲੇਟ ਨਹੀਂ ਬਣਾਏਗਾ ਸਗੋਂ ਆਪਣੇ ਵਰਗੀ ਸੋਚ ਰੱਖਣ ਵਾਲੇ ਆਜ਼ਾਦ ਉਮੀਦਵਾਰਾਂ ਨਾਲ ਤਾਲਮੇਲ ਕਾਇਮ ਕਰੇਗਾ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਸਰੀ ਦੇ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਬਹੁਤ ਫਿਕਰਮੰਦ ਹੈ ਅਤੇ 2013 ਤੋਂ ਲਗਾਤਾਰ ਸਰੀ ਦੇ ਮੇਅਰ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਈਮੇਲ ਭੇਜ ਕੇ ਲੋਕਾਂ ਦੇ ਮੁੱਦੇ ਉਨ੍ਹਾਂ ਤੀਕ ਪਹੁੰਚਾਉਂਦਾ ਆ ਰਿਹਾ ਹੈ। ਉਸ ਨੂੰ ਆਪਣੇ 2,000 ਫੇਸਬੁੱਕ ਦੋਸਤਾਂ ਤੋਂ ਵੀ ਉਮੀਦ ਹੈ ਕਿ ਉਸ ਦਾ ਸਾਥ ਦੇਣਗੇ। ਜ਼ਿਕਰਯੋਗ ਹੈ ਕਿ ਕੁਲਦੀਪ ਪੇਲੀਆ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਜਰਮਨ ਅਤੇ ਗੁਜਰਾਤੀ ਭਾਸ਼ਾ ਬੋਲ ਸਕਦਾ ਹੈ।
ਪੇਸ਼ੇ ਵਜੋਂ ਅਕਾਊਂਟੈਂਟ ਹੋਣ ਕਰਕੇ ਉਸ ਦਾ ਕਹਿਣਾ ਹੈ ਕਿ ਉਹ ਸਿਟੀ ਕੌਂਸਲ ਦੀ ਆਮਦਨ ਵਧਾਉਣ ਅਤੇ ਖਰਚਿਆਂ ਨੂੰ ਘਟਾਉਣ ਬਾਰੇ ਚੰਗੇ ਪ੍ਰੋਗਰਾਮ ਦੇ ਸਕਦਾ ਹੈ ਅਤੇ ਜੇਕਰ ਉਸ ਨੂੰ ਸਫਲਤਾ ਮਿਲਦੀ ਹੈ ਤਾਂ ਸਰੀ ਪੁਲਿਸਿੰਗ ਪਰਿਵਰਤਨ ਅਤੇ ਸਰੀ-ਲੈਂਗਲੀ ਸਕਾਈਟ੍ਰੇਨ ਐਕਸਟੈਂਸ਼ਨ ਦਾ ਤੇਜ਼ੀ ਨਾਲ ਮੁਕੰਮਲ ਕਰਵਾਉਣਾ ਉਸ ਦੀ ਪ੍ਰਮੁੱਖਤਾ ਹੋਵੇਗੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com