ਸਰਹੱਦੀ ਪਿੰਡਾਂ 'ਚ 'ਲੰਪੀ ਸਕਿਨ' ਬਿਮਾਰੀ ਨੇ ਪਸਾਰੇ ਪੈਰ, ਕਈ ਪਸ਼ੂ ਹੋਏ ਬਿਮਾਰ
ਰੋਹਿਤ ਗੁਪਤਾ
ਗੁਰਦਾਸਪੁਰ 06 ਅਗਸਤ 2022- ਪੂਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ ਇਨ੍ਹਾਂ ਦਿਨਾਂ 'ਚ ਪਸ਼ੂਆਂ ਚ ਇਕ ਵੱਖ ਤਰ੍ਹਾਂ ਦੀ ਬਿਮਾਰੀ ਲੰਪੀ ਸਕਿਨ ਰੋਗ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ|
ਪੰਜਾਬ ਸਰਕਾਰ ਵੱਲੋਂ ਇਸ ਬਿਮਾਰੀ ਲਈ ਜਾਰੀ ਕੀਤੀ ਗਈ ਗਰਾਂਟ ਵਿੱਚ 5 ਲੱਖ ਰੁਪਏ ਜ਼ਿਲ੍ਹਾ ਗੁਰਦਾਸਪੁਰ ਦੇ ਹਿੱਸੇ ਵੀ ਆਏ ਹਨ। ਜਿਸ ਦੇ ਤਹਿਤ ਪਸ਼ੂ ਪਾਲਣ ਵਿਭਾਗ ਪਸ਼ੂਆਂ ਨੂੰ ਇਸ ਬਿਮਾਰੀ ਦੀ ਚਪੇਟ ਵਿਚ ਆਉਣ ਤੋਂ ਰੋਕਣ ਅਤੇ ਇਸ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਪਸ਼ੂਆਂ ਦੇ ਇਲਾਜ ਲਈ ਆਪਣੀਆਂ ਕੋਸ਼ਿਸ਼ਾਂ ਸ਼ੁਰੂ ਕਰ ਚੁੱਕਿਆ ਹੈ।
ਉਥੇ ਹੀ ਪਸ਼ੂਆਂ ਦੀ ਇਸ ਖ਼ਤਰਨਾਕ ਬਿਮਾਰੀ ਬਾਰੇ ਜਾਣਕਾਰੀ ਦੇਂਦੇ ਹੋਏ ਸਰਕਾਰੀ ਹਸਪਤਾਲ ਪਸ਼ੂ ਪਾਲਣ ਦੇ ਡਾ. ਰਣਵਿਜੈ ਸਿੰਘ ਅਤੇ ਬਲਾਕ ਕਲਾਨੌਰ ਦੇ ਇੰਚਾਰਜ ਡਾ. ਤੇਜਿੰਦਰ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਚ ਕਰੀਬ ਹਰ ਪਿੰਡ ਚ ਇਸ ਬਿਮਾਰੀ ਨਾਲ ਪੀੜਤ ਪਸ਼ੂ ਸਾਮਣੇ ਆ ਰਹੇ ਹਨ ਅਤੇ ਉਹਨਾਂ ਇਸ ਦੇ ਲੱਛਣ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਵਲੋਂ ਟੀਕਾਕਰਨ ਅਤੇ ਇਲਾਜ ਵੀ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਹ ਬਿਮਾਰੀ ਮੱਖੀ ਮੱਛਰ ਤੋਂ ਅੱਗੇ ਫੈਲ ਰਹੀ ਹੈ ਇਸ ਲਈ ਤੇਜ਼ੀ ਨਾਲ ਇਸ ਦਾ ਪਸਾਰਾ ਹੋ ਰਿਹਾ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਆਪਣੇ ਪਸ਼ੂ ਵਿਚ ਇਸ ਬੀਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਆਪਣੇ ਪਸ਼ੂ ਨੂੰ ਪਸ਼ੂਆਂ ਦੇ ਹਸਪਤਾਲ ਵਿੱਚ ਲੈ ਕੇ ਆਉਣ ਅਤੇ ਡਾਕਟਰ ਨਾਲ ਸੰਪਰਕ ਕਰਨ।