ਪੀ.ਆਰ.ਟੀ.ਸੀ. ਪੈਨਸ਼ਨਰਾਂ ਨੇ ਘੇਰਿਆ ਮੁੱਖ ਦਫਤਰ
- ਪੈਨਸ਼ਨਾਂ ਅਤੇ ਅਦਾਇਗੀਆਂ ਨੂੰ ਲੈ ਕੇ ਦਿੱਤਾ ਰੋਸ ਧਰਨਾ
- ਬਜੁਰਗਾਂ ਦੇ ਜੋਸ਼ੀਲੇ ਨਾਹਰਿਆਂ ਨਾਲ ਗੂੰਜਿਆ ਅਸਮਾਨ
- 17 ਅਗਸਤ ਨੂੰ ਸਖਤ ਐਕਸ਼ਨ ਕਰਨ ਦੀ ਦਿੱਤੀ ਚੇਤਾਵਨੀ
ਜਗਤਾਰ ਸਿੰਘ
ਪਟਿਆਲਾ 11 ਅਗਸਤ 2022 - ਅੱਜ ਪੀ.ਆਰ.ਟੀ.ਸੀ. ਪੈਸ਼ਨਰਾਂ ਨੇ ਪੈਨਸ਼ਨ ਅਤੇ ਹੋਰ ਅਦਾਇਗੀਆਂ ਨੂੰ ਲੈ ਕੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਆਦੇਸ਼ ਮੁਤਾਬਿਕ ਮੁੱਖ ਦਫਤਰ ਨਾਭਾ ਰੋਡ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ, ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਚੋਂ, ਹਰਿਆਣਾ ਤੇ ਚੰਡੀਗੜ੍ਹ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਪੈਨਸ਼ਨ ਲੇਟ ਕਰਨ ਲਈ ਮੈਨੇਜਮੈਂਟ ਅਤੇ ਸਰਕਾਰ ਵਿਰੁੱਧ ਜਮਕੇ ਨਾਅਰੇਬਾਜੀ ਕੀਤੀ। ਆਪਣੀਆਂ ਅਦਾਇਗੀਆਂ ਜਿਵੇਂ ਕਿ ਪੈਨਸ਼ਨ ਸਮੇਂ ਸਿਰ ਪਾਏ ਜਾਣ, ਮੈਡੀਕਲ ਤੇ ਪੇ-ਕਮਿਸ਼ਨ ਦੇ ਬਕਾਏ ਆਦਿ ਨੂੰ ਲੈ ਕੇ ਬਜੁਰਗ ਪੈਨਸ਼ਨਰਾਂ ਵਿੱਚ ਬਹੁਤ ਰੋਸ ਤੇ ਜੋਸ਼ ਸੀ, ਇਸ ਧਰਨੇ ਦੌਰਾਨ ਮੈਨੇਜਮੈਂਟ ਨੇ ਪੈਨਸ਼ਨਰਾਂ ਦੇ ਨੇਤਾਵਾਂ ਨੂੰ ਦੋ ਵਾਰ ਮੀਟਿੰਗ ਲਈ ਬੁਲਾਇਆ ਪਰੰਤੂ ਗੱਲ ਕਿਸੇ ਕੰਢੇ ਨਾ ਲੱਗਣ ਕਾਰਨ ਧਰਨਾਕਾਰੀਆਂ ਵਿੱਚ ਹੋਰ ਗੁੱਸਾ ਵਧ ਗਿਆ।
ਰੋਹ ਭਰੇ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਮੈਨੇਜਮੈਂਟ ਦੀ, ਸਾਡੀ ਪੈਨਸ਼ਨ ਤੇ ਅਦਾਇਗੀਆਂ ਸਬੰਧੀ ਟਾਲ ਮਟੋਲ ਦੀ ਨੀਤੀ ਤੋਂ ਤੰਗ ਆ ਕੇ ਅੱਜ ਸਾਨੂੰ ਮੁੱਖ ਦਫਤਰ ਵਿਖੇ ਇਹ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਨੂੰ ਅਸੀਂ ਉਹਨਾਂ ਦੇ ਕਹਿਣ ਤੇ ਪੂਰਾ ਸਮਾਂ ਦਿੱਤਾ ਪਰੰਤੂ ਮੈਨੇਜਮੈਂਟ ਨੇ ਸਾਡੇ ਵਲੋਂ ਦਿੱਤੇ ਸਹਿਯੋਗ ਨੂੰ ਸਾਡੀ ਮਜਬੂਰੀ ਸਮਝਦਿਆਂ ਟਾਲ ਮਟੋਲ ਦੀ ਨੀਤੀ ਅਪਣਾਈ ਹੈ।
ਉਹਨਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਤੀਜੇ ਬੁੱਧਵਾਰ 17 ਅਗਸਤ ਨੂੰ ਬੱਸ ਸਟੈਂਡ ਪਟਿਆਲਾ ਵਿਖੇ ਹੋਣ ਵਾਲੀ ਸਾਡੀ ਮਾਸਿਕ ਮੀਟਿੰਗ ਵਿੱਚ ਇਸ ਤੋਂ ਵੀ ਵੱਧ ਇਕੱਠ ਹੋਵੇਗਾ। ਜੇਕਰ ਇਸ ਤੋਂ ਪਹਿਲਾਂ ਪਹਿਲਾਂ ਸਾਡੀ ਪੈਨਸ਼ਨ ਨਾ ਪਾਈ ਤੇ ਰਹਿੰਦੀਆਂ ਅਦਾਇਗੀਆਂ ਨਾ ਹੋਈਆਂ ਤਾਂ ਅਸੀਂ ਉਸ ਸਮੇਂ ਕਿਸੇ ਤਰ੍ਹਾਂ ਦਾ ਵੀ ਸਖਤ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕਰਾਂਗੇ। ਚੇਅਰਮੈਨ ਸ੍ਰ. ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸਮੂਹ ਪੈਨਸ਼ਨਰਾਂ ਨੂੰ ਡਸਿਪਲਨ ਵਿੱਚ ਰਹਿੰਦੀਆਂ ਕੇਂਦਰੀ ਬਾਡੀ ਵਲੋਂ ਉਲੀਕੇ ਹਰ ਪ੍ਰੋਗਰਾਮ ਨੂੰ ਕਾਮਯਾਦ ਕਰਨ ਲਈ ਵੱਧ ਚੜ, ਕੇ ਸ਼ਮੂਲੀਅਤ ਕਰਨ ਲਈ ਕਿਹਾ ਅਤੇ 17 ਅਗਸਤ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਬੇਨਤੀ ਕਰਨ ਦੇ ਨਾਲ ਨਾਲ ਮੈਨੇਜਮੈਂਟ ਨੂੰ, ਬਜੁਰਗ ਪੈਨਸ਼ਨਰਾਂ ਦਾ ਸਬਰ ਪਰਖਣ ਤੋਂ ਗੁਰੇਜ ਕਰਨ ਲਈ ਕਿਹਾ। ਉਹਨਾਂ ਨੂੰ ਪੈਨਸ਼ਨ ਲਈ ਹਰ ਮਹੀਨੇ ਦੀ 10 ਤਾਰੀਖ ਨਿਸ਼ਚਿਤ ਕਰਨ ਲਈ ਕਿਹਾ।
ਸਟੇਜ ਦੀ ਡਿਊਟੀ ਜਨਰਲ ਸਕੱਤਰ ਬਚਨ ਸਿੰਘ ਅਰੋੜਾ ਤੇ ਉਜਾਗਰ ਸਿੰਘ ਚੰਡੀਗੜ੍ਹ ਨੇ ਬਾਖੂਬੀ ਨਿਭਾਈ। ਇਸ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਦਫਤਰ ਸਕੱਤਰ, ਮਹਿੰਦਰ ਸਿੰਘ, ਬਲਵੰਤ ਸਿੰਘ, ਕਪੂਰ ਚੰਦ, ਗੁਰਮੀਤ ਸਿੰਘ, ਬਲਬੀਰ ਸਿੰਘ, ਨਿਰਪਾਲ ਸਿੰਘ, ਗੁਰਬਖਸ਼ੀਸ਼ ਸਿੰਘ ਤੇ ਸੋਹਨ ਸਿੰਘ ਨੇ ਵੀ ਭਰਪੂਰ ਯੋਗਦਾਨ ਪਾਇਆ।