ਐਨ ਆਰ ਆਈ ਵੱਲੋਂ ਆਈ ਟੀ ਆਈ ਨਵਾਂਸ਼ਹਿਰ ਦੇ ਵਰਕਸ਼ਾਪ ਸਟਾਫ ਨੂੰ ਏ ਸੀ ਦਾਨ ਕੀਤਾ
ਬਾਬੂਸ਼ਾਹੀ ਨੈਟਵਕ
ਨਵਾਂਸ਼ਹਿਰ, 12 ਅਗਸਤ 2022
ਗਰਮੀ ਨੂੰ ਦੇਖਦੇ ਹੋਏ ਲੋਕ ਸੜਕਾਂ ਤੇ ਸ਼ਬੀਲਾਂ ਲਾਉਂਦੇ ਤਾਂ ਸੁਣੇ ਹੋਣਗੇ ਪਰ ਗਰਮੀ ਚ ਏ ਸੀ ਦਾਨ ਪਹਿਲੀ ਵਾਰ ਸੁਣਿਆ ਹੈ। ਆਈ ਟੀ ਆਈ ਨਵਾਂ ਸ਼ਹਿਰ ਦੀ ਵਰਕਸ਼ਾਪ ਵਿੱਚ ਗਰਮੀ ਜ਼ਿਆਦਾ ਹੋਣ ਕਰਕੇ ਐਨ ਆਰ ਆਈ ਵੀਰ ਮਨਮੋਹਨ ਸਿੰਘ ਯੂ ਐਸ ਏ ਵਾਸੀ ਨਵਾਂਸ਼ਹਿਰ ਵਲੋਂ ਇੱਕ ਏ ਸੀ ਦਾਨ ਕੀਤਾ ਗਿਆ। ਉਹ ਕਿਸੇ ਜ਼ਰੂਰੀ ਕੰਮ ਲਈ ਆਪਣੇ ਮਿੱਤਰ ਸ੍ਰੀ ਰੁਪਿੰਦਰ ਅਟਵਾਲ ਟਰੇਨਿੰਗ ਅਫਸਰ ਨੂੰ ਮਿਲਣ ਵਾਸਤੇ ਆਈ ਟੀ ਆਈ ਆਏ ਤਾਂ ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕੇ ਵਰਕਸ਼ਾਪ ਵਿਚ ਗਰਮੀ ਬਹੁਤ ਜਿਆਦਾ ਹੈ। ਏਨੀ ਗਰਮੀ ਹੋਣ ਕਰ ਕੇ ਸਟਾਫ ਨੂੰ ਕੰਮ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਨੇ ਵਰਕਸ਼ਾਪ ਨੂੰ ਏਸੀ ਦਾਨ ਦੇਣ ਲਈ ਕਿਹਾ ਤਾਂ ਕੇ ਸਾਰੇ ਇਕ ਜਗ੍ਹਾ ਬੈਠ ਕੇ ਵਰਕਸ਼ਾਪ ਦੇ ਅਤੇ ਦਫ਼ਤਰੀ ਕੰਮ ਅਰਾਮ ਨਾਲ ਕਰ ਸਕਣ।
ਪ੍ਰਿੰਸੀਪਲ ਆਈ ਟੀ ਆਈ ਨਵਾਂਸ਼ਹਿਰ ਵੱਲੋਂ ਸਟਾਫ ਵਾਸਤੇ ਕੈਬਨ ਬਣਾ ਕੇ ਦਿੱਤਾ ਜਿਸ ਵਿੱਚ ਏ ਸੀ ਲਗਵਾਉਣ ਲਈ ਮਨਜੂਰੀ ਦਿੱਤੀ। ਹੁਣ ਵਰਕਸ਼ਾਪ ਸਟਾਫ ਕਲਾਸਾਂ ਦੇ ਨਾਲ ਨਾਲ ਰਲਕੇ ਇਕ ਜਗ੍ਹਾ ਬੈਠ ਕੇ ਵਰਕਸ਼ਾਪ ਦੇ ਕੈਬਨ ਵਿਚ ਹੀ ਕੰਮ ਕਰਦੇ ਹਨ, ਭਾਵੇਂ ਉਹ ਦਾਖਲੇ ਦਾ ਕੰਮ ਹੋਵੇ ਅਪ੍ਰੈਂਟਿਸਸ਼ਿਪ ਦਾ ਕੰਮ ਹੋਵੇ ਜਾਂ ਪਲੇਸਮੈਂਟ ਦਾ ਕੰਮ ਹੋਵੇ ਸਾਰੇ ਹੀ ਰਲ ਮਿਲ ਕੇ ਤਕਨੀਕੀ ਸਿੱਖਿਆ ਵਿੱਚ ਯੋਗਦਾਨ ਪਾਉਂਦੇ ਹਨ। ਐਨ ਆਰ ਆਈ ਵੀਰ ਅਤੇ ਸਾਬਕਾ ਸਿਖਿਆਰਥੀ ਆਈ ਟੀ ਆਈ ਨਵਾਂਸ਼ਹਿਰ ਵੀਰ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀ ਹਰ ਆਈ ਟੀ ਆਈ ਵਿੱਚ ਇੱਕ ਕੈਬਿਨ ਬਣਾ ਦੇਵੇ ਤਾਂ ਟੈਕਨੀਕਲ ਸਟਾਫ ਨੂੰ ਕੰਮ ਕਰਨ ਚ ਬਹੁਤ ਫਾਇਦਾ ਹੋਵੇਗਾ। ਸੰਸਥਾ ਦੇ ਪ੍ਰਿੰਸੀਪਲ ਅਤੇ ਸਾਰੇ ਸਟਾਫ ਨੇ ਐਨ ਆਰ ਆਈ ਸ਼੍ਰੀ ਮਨਮੋਹਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਲੰਮੀ ਉਮਰ ਲਈ ਕਾਮਨਾ ਕੀਤੀ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।