ਖ਼ਰਾਬ ਖੜ੍ਹੇ ਟਰਾਲੇ ਨੂੰ ਇੱਕ ਹੋਰ ਟਰਾਲੇ ਨੇ ਪਿੱਛੋਂ ਮਾਰੀ ਟੱਕਰ, ਫਿਰ ਵਿਛ ਗਏ ਸੱਥਰ
ਰੋਹਿਤ ਗੁਪਤਾ
ਗੁਰਦਾਸਪੁਰ 12 ਅਗਸਤ 2022 :ਸੜਕ ਕਿਨਾਰੇ ਖੜ੍ਹੇ ਖਰਾਬ ਹੋਏ ਟਰਾਲੇ ਨੂੰ ਪਿਛੋਂ ਆ ਰਹੇ ਇਕ ਹੋਰ ਤੇਜ਼ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਸੜਕ ਤੇ ਖੜੇ ਟਰਾਲੇ ਦੇ ਡਰਾਈਵਰ ਦੇ ਦੋ ਹੈਲਪਰ ਟਕੱਰ ਮਾਰਨ ਵਾਲੇ ਟਰਾਲੇ ਦੀ ਚਪੇਟ ਵਿਚ ਆ ਗਏ ਅਤੇ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਟੱਕਰ ਮਾਰਨ ਵਾਲਾ ਟਰਾਲਾ ਚਾਲਕ ਟਰਾਲਾ ਮੌਕੇ ਤੇ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਦੁਰਘਟਨਾ ਅਤੇ ਦੀਨਾਨਗਰ ਥਾਣੇ ਦੇ ਤਹਿਤ ਪੈਂਦੇ ਦੁਬਰਜੀ ਬਾਈਪਾਸ ਤੇ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਟਰਾਲੇ ਦੇ ਡਰਾਈਵਰ ਲਵਪ੍ਰੀਤ ਸਿੰਘ ਉਰਫ ਲਾਡੀ ਪੁੱਤਰ ਸਰੂਪ ਸਿੰਘ ਵਾਸੀ ਕੁੱਦੋ ਪੱਤੀ ਜੈਤੋ ਥਾਣਾ ਜੈਤੋ ਜਿਲਾ ਫਰੀਦਕੋਟ, ਨੇ ਦੱਸਿਆ ਹੈ ਕਿ ਉਹ ਘੋੜਾ ਟਾਰਾਲਾ ਨੰਬਰੀ ਪੀਬੀ.03.ਏ ਜੈਡ 9916 ਤੇ ਡਰਾਇਵਰੀ ਕਰਦਾ ਹੈ ਅਤੇ ਉਸਦੇ ਨਾਲ ਜੱਗਾ ਸਿੰਘ ਅਤੇ ਅਰਸਦੀਪ ਸਿੰਘ ਬਤੌਰ ਹੈਲਪਰ ਚਲਦੇ ਸਨ। ਅੱਜ ਸਵੇਰੇ ਤੜਕਸਾਰ ਉਹ ਅਤੇ ਉਸਦੇ ਹੈਲਪਰ ਸ੍ਰੀ ਨਗਰ ਤੋਂ ਟਰਾਲਾ ਖਾਲੀ ਕਰਕੇ ਵਾਪਿਸ ਫਰੀਦਕੋਟ ਨੂੰ ਜਾ ਰਹੇ ਸੀ ਵੱਕਤ ਸਵੇਰੇ ਕਰੀਬ ਤਿੰਨ ਵਜੇ ਜਦ ਉਹ ਨੈਸਨਲ ਹਾਈਵੇ ਪੁੱਲ ਦਬੂਰਜੀ ਦੀਨਾਨਗਰ ਬਾਈਪਾਸ ਨਜਦੀਕ ਪੁੱਜੇ ਤਾਂ ਉਨਾਂ ਦੇ ਟਰਾਲੇ ਵਿੱਚ ਕੋਈ ਖਰਾਬੀ ਆਉਣ ਕਰਕੇ ਉਸ ਨੇ ਟਰਾਲਾ ਸਾਇਡ ਤੇ ਲਗਾ ਲਿਆ ਅਤੇ ਹੈਲਪਰ ਜੱਗਾ ਸਿੰਘ ਅਤੇ ਅਰਸਦੀਪ ਸਿੰਘ ਟਰੱਕ ਤੋਂ ਹੇਠਾਂ ਉੱਤਰ ਕੇ ਟਰੱਕ ਦੇ ਪਿੱਛਲੇ ਪਾਸੇ ਖਲੋ ਕੇ ਮਦਦ ਲਈ ਪਠਾਨਕੋਟ ਸਾਈਡ ਤੋਂ ਆਉਦੀਆਂ ਗੱਡੀਆਂ ਨੂੰ ਰੋਕਣ ਦਾ ਇਸ਼ਾਰਾ ਕਰ ਰਹੇ ਸਨ ਕਿ ਇੱਕ ਟਿੱਪਰ (ਟਰੱਕ) ਨੰਬਰੀ ਪੀਬੀ 06 2163 ਤੇਜ ਰਫਤਾਰ ਨਾਲ ਆਇਆ ਜਿਸਨੂੰ ਨਾਮਲੂਮ ਵਿਅਕਤੀ ਚਲਾ ਰਿਹਾ ਸੀ। ਜਿਸਨੇ ਆਪਣਾ ਟਰੱਕ ਲਾਪ੍ਰਵਾਹੀ ਨਾਲ ਚਲਾ ਕੇ ਉਨਾਂ ਦੇ ਟਰੱਕ ਦੇ ਪਿੱਛੇ ਮਾਰ ਦਿੱਤਾ ਜਿਸ ਨਾਲ ਜੱਗਾ ਸਿੰਘ ਅਤੇ ਅਰਸਦੀਪ ਸਿੰਘ ਦੀ ਮੋਕੇ ਤੇ ਹੀ ਮੌਤ ਹੋ ਗਈ ।
ਟੱਕਰ ਮਾਰਨ ਵਾਲਾ ਟਰਾਲਾ ਚਾਲਕ ਟਰਾਲਾ ਛੱਡ ਕੇ ਮੌਕੇ ਤੋਂ ਦੌੜ ਗਿਆ। ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਏਸਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਦੋਹਾਂ ਟਰਾਲਿਆਂ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।