55 ਸਾਲਾ ਮਗਰੋਂ ਜਨਸੰਘ ਨੂੰ ਇੱਕ ਮੁਖਾਲਿਫ ਧਿਰ ਮਿਥਿਆ ਅਕਾਲੀ ਦਲ ਨੇ
- ਵਿਰੋਧੀਆਂ ਨੂੰ ਕਾਂਗਰਸੀ ਏਜੰਟ ਕਹਿਣ ਵਾਲੀ ਦਵਾਈ ਬਦਲਨੀ ਪੈ ਗਈ ਹੁਣ
ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 12 ਅਗਸਤ 2022 - 55 ਵਰ੍ਹਿਆਂ ਦੇ ਅਰਸੇ ਮਗਰੋਂ ਜਨਸੰਘ ਉਰਫ ਬੀ ਜੇ ਪੀ ਨੂੰ ਅਕਾਲੀ ਦਲ ਨੇ ਆਪਦੀ ਇੱਕ ਮੁਖਾਲਿਫ ਧਿਰ ਵਜੋਂ ਮਿਥਿਆ ਹੈ। ਸ਼ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਦਲ ਤੋਂ ਬਾਗ਼ੀ ਐਮ ਐਲ ਏ ਮਨਪ੍ਰੀਤ ਸਿੰਘ ਇਆਲੀ ਤੇ ਇਲਜ਼ਾਮ ਲਾਇਆ ਹੈ ਕਿ ਉਹ ਬੀ ਜੇ ਪੀ ਦੇ ਇਸ਼ਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲਾਮਬੰਦੀ ਕਰ ਰਿਹਾ ਹੈ।ਸੁਖਬੀਰ ਸਿੰਘ ਬਾਦਲ ਚ ਦੇ ਹੱਕ ਚ , ਭੰਗ ਹੋਏ ਜਿਲਾ ਜੱਥੇਦਾਰਾਂ ਦੀ ਮੀਟਿੰਗ ਦੌਰਾਨ ਬੀ ਜੇ ਪੀ ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਮਹਾਂਰਾਸ਼ਟਰ ਦੀ ਤਰਜ਼ ਤੇ ਕਿਸੇ ਟਾਇਮ ਉਹਦੀ ਭਾਈਵਾਲ਼ ਰਹੀ ਸ਼ਿਵ ਸੈਨਾ ਨੂੰ ਕਮਜ਼ੋਰ ਕਰਨ ਵਰਗੀ ਇੱਕ ਖੇਡ ਪੰਜਾਬ ਚ ਵੀ ਖੇਡਣਾ ਚਾਹੁੰਦੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਕੇ।ਨਹੀਂ ਤਾਂ ਹੁਣ ਤੱਕ ਪਾਰਟੀ ਪ੍ਰਧਾਨ ਤੇ ਉਂਗਲ ਚੁੱਕਣ ਵਾਲੇ ਹਰੇਕ ਬੰਦੇ ਨੂੰ ਕਾਂਗਰਸੀ ਇਸ਼ਾਰੇ ਤੇ ਚੱਲਣ ਵਾਲਾ ਆਖ ਕੇ ਉਹਨੂੰ ਬਦਨਾਮ ਕੀਤਾ ਜਾਂਦਾ ਸੀ।ਪਹਿਲੀ ਦਫਾ ਅਜਿਹਾ ਦੋਸ਼ ਬੀ ਜੇ ਪੀ ਤੇ ਲਾਇਆ ਹੈ ਅਕਾਲੀ ਦਲ ਨੇ।
ਅੱਜ ਕੱਲ ਵਾਲੀ ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਦਾ ਪਹਿਲਾਂ ਨਾਂਅ ਜਨਸੰਘ ਹੁੰਦਾ ਸੀ। ਅਕਾਲੀ ਦਲ ਨੇ ਅੱਜ ਤੋਂ ਪਹਿਲਾਂ ਆਖ਼ਰੀ ਵਾਰ ਜਨਸੰਘ ਦੀ ਸਿਆਸੀ ਮੁਖ਼ਾਲਫ਼ਤ 1967 ਤੱਕ ਕੀਤੀ ਸੀ ਉਹ ਵੀ ਉਦੋਂ ਜਦੋਂ ਅਕਾਲੀ ਦਲ ਨੂੰ ਆਪਦੀ ਸਰਕਾਰ ਬਨ੍ਹਾਉਣ ਖ਼ਾਤਰ ਜਨਸੰਘ ਨਾਲ ਕੁਲੀਸ਼ਨ ਕਰਨ ਵਾਲਾ ਜ਼ਹਿਰ ਵਰਗਾ ਕੌੜਾ ਘੁੱਟ ਨਹੀਂ ਭਰਨਾ ਪਿਆ।ਇਹ ਘੁੱਟ ਜ਼ਹਿਰ ਵਰਗਾ ਕਿਉਂ ਸੀ ਇਹ ਬਿਆਨ ਕਰਨ ਨਾਲ ਗੱਲ ਲੰਮੀ ਹੋ ਜਾਣੀ ਹੈ, ਕਦੇ ਫੇਰ ਕਰਾਂਗੇ। 1967 ਤੇ 1969 ਚ ਅਕਾਲੀ ਦਲ ਦੀਆਂ 3 ਸਰਕਾਰਾਂ ਚ ਜਨਸੰਘ ਭਾਈਵਾਲ਼ ਰਹੀ।1970 ਚ ਅਕਾਲੀ ਦਲ ਦੀ ਬਾਦਲ ਸਰਕਾਰ ਵੱਲੋਂ ਅੰਮ੍ਰਿਤਸਰ ਚ ਗੁਰੂ ਨਾਨਕ ਸਾਹਿਬ ਜੀ ਦੇ ਨਾਂਅ ਤੇ ਇੱਕ ਯੂਨੀਵਰਸਿਟੀ ਬਨਾਉਣ ਦੇ ਐਲਾਨ ਤੇ ਜਨਸੰਘ ਇਸ ਕਦਰ ਗ਼ੁੱਸੇ ਹੋਈ ਕਿ ਉਹਦੇ ਵਜ਼ੀਰ ਇਹ ਕਹਿੰਦਿਆਂ ਅਸਤੀਫ਼ੇ ਦੇ ਗਏ ਕਿ ਹਾਂ-ਹਾਂ ਗੁਰੂ ਨਾਨਕ ਸਾਹਿਬ ਦੇ ਨਾਂਅ ਤੇ ਹੀ ਯੂਨੀਵਰਸਿਟੀ ਕਿਓਂ ਬਣਾਉਂਦੀ ਹੈ ਪੰਜਾਬ ਸਰਕਾਰ।
ਅਕਾਲੀ ਜਨਸੰਘ ਦੀ ਇਸ ਤੋੜ ਤੜਿਕ ਮਗਰੋਂ 1977 ਚ 1970 ਵਾਲੇ ਜਨਸੰਘੀ ਵਜ਼ੀਰ ਫੇਰ ਪ੍ਰਕਾਸ਼ ਬਾਦਲ ਦੀ ਸਰਕਾਰ ਚ ਵਜ਼ੀਰ ਬਣੇ ।ਉਦੋਂ ਜਨਸੰਘ ਜਨਤਾ ਪਾਰਟੀ ਦਾ ਇੱਕ ਹਿੱਸਾ ਸੀ।ਬਾਦਲ ਸਾਹਿਬ ਦੀ ਅਗਵਾਈ ਵਾਲੀ ਇਹ ਸਰਕਾਰ ਨੂੰ ਅਕਾਲੀ-ਜਨਤਾ ਸਰਕਾਰ ਕਿਹਾ ਜਾਂਦਾ ਸੀ।1980 ਚ ਬਾਦਲ ਸਰਕਾਰ ਵੀ ਟੁੱਟ ਗਈ ਤੇ ਜਨਸੰਘੀ ਹਿੱਸੇ ਨੇ ਜਨਤਾ ਪਾਰਟੀ ਤੋਂ ਟੁੱਟ ਕੇ ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਦੇ ਨਾਂਅ ਹੇਠ ਜਨਸੰਘ ਮੁੜ ਸੁਰਜੀਤ ਕਰ ਲਈ।ਉਧਰ ਅਕਾਲੀ ਦਲ ਵੱਲੋਂ ਸਿੱਖ ਏਜੰਡੇ ਨੂੰ ਮੂਹਰੇ ਰੱਖ ਲਿਆ ਤੇ ਬੀ ਜੇ ਪੀ ਨੇ ਅਕਾਲੀ ਦਲ ਦੀ ਅਲੋਚਨਾ ਸ਼ੁਰੂ ਕਰ ਦਿੱਤੀ ਜੋ ਕਿ 1995 ਵਾਲੀ ਮੋਗਾ ਕਾਨਫਰੰਸ ਤੱਕ ਜਾਰੀ ਰੱਖੀ ਜਦੋਂ ਤੱਕ ਅਕਾਲੀ ਦਲ ਨੇ ਖ਼ੁਦ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਤਬਦੀਲ ਨਹੀਂ ਕਰ ਲਿਆ ।
ਉਹਤੋਂ ਮਗਰੋਂ ਪੰਜਾਬ ਦੀਆਂ 3 ਅਕਾਲੀ ਸਰਕਾਰਾਂ ਬੀ ਜੇ ਪੀ ਗਠਜੋੜ ਨਾਲ ਬਣੀਆਂ ਤੇ ਕੇਂਦਰ ਦੀਆਂ 3 ਬੀ ਜੇ ਪੀ ਦੀਆਂ ਸਰਕਾਰਾਂ ਚ ਅਕਾਲੀ ਵਜ਼ੀਰ ਵੀ ਸਹੁੰ ਚੁੱਕਦੇ ਰਹੇ।ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਨੇ 1997 ਚ ਆਪਦੀ ਮੁਕੰਮਲ ਸਰਦਾਰੀ ਵਾਲੀ ਸਰਕਾਰ ਬਣਾਈ ਉਦੋਂ ਤੋਂ ਅਕਾਲੀ ਦਲ ਤੇ ਬੀ ਜੇ ਪੀ ਦਾ ਰਿਸ਼ਤਾ ਇੰਨਾਂ ਗਹਿਰਾ ਰਿਹਾ ਕਿ ਵੱਡੇ ਬਾਦਲ ਸਾਹਿਬ ਇਹਨੂੰ ਪਤੀ-ਪਤਨੀ ਦੇ ਰਿਸ਼ਤੇ ਨਾਲ ਤੁਲਨਾ ਦਿੰਦੇ ਰਹੇ।ਇਹ ਰਿਸ਼ਤਾ ਬੀ ਜੇ ਪੀ ਦੀ ਕੇਂਦਰੀ ਸਰਕਾਰ ਵੱਲੋਂ ਕਿਸਾਨ ਵਿਰੋਧੀ 3 ਖੇਤੀ ਕਾਨੂੰਨ ਬਣਾਉਣ ਦੇ ਬਾਵਜੂਦ ਵੀ 4 ਮਹੀਨੇ ਤੱਕ ਕਾਇਮ ਰਿਹਾ।ਲੋਕ ਦਬਾਅ ਥੱਲੇ ਅਕਾਲੀ ਦਲ ਨੂੰ ਭਾਵੇਂ ਸਰਕਾਰ ਤੋਂ ਬਾਹਰ ਹੋਣ ਵਾਲਾ ਕੌੜਾ ਘੁੱਟ ਭਰਨਾ ਪੈ ਗਿਆ ਪਰ ਬੀ ਜੀ ਪੀ ਨੂੰ ਅਕਾਲੀ ਕਦੇ ਮੰਦਾ ਨਹੀਂ ਬੋਲੇ।ਇੱਥੋਂ ਤੱਕ ਕਿ ਰਾਸ਼ਟਰਪਤੀ ਦੀ ਚੋਣ ਚ ਵੋਟ ਵੀ ਬੀ ਜੇ ਪੀ ਉਮੀਦਵਾਰ ਨੂੰ ਪਾਈ।ਅਸੀਂ ਵੋਟ ਬੀ ਜੇ ਪੀ ਨੂੰ ਨਹੀਂ ਬਲਕਿ ਇੱਕ ਪਛੜੇ ਕਬੀਲੇ ਦੀ ਔਰਤ ਦੇ ਮੂੰਹ ਨੂੰ ਪਾਈ ਹੈ ਵਾਲੀ ਅਕਾਲੀ ਦਲੀਲ ਓਸ ਮੌਕੇ ਤੇ ਜਾ ਕੇ ਖੁੰਡੀ ਹੋ ਜਾਂਦੀ ਹੈ ਜਦੋਂ ਲੋਕ ਸਭਾ ਚ ਇੱਕ ਸਿੱਖ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੇ ਖਿਲਾਫ ਪੇਸ਼ ਹੋਏ ਬੇ-ਭਰੋਸਗੀ ਵਾਲੇ ਮਤੇ ਦੇ ਹੱਕ ਅਕਾਲੀ ਦਲ ਦੀਆਂ ਵੋਟਾਂ ਭੁਗਤੀਆਂ ਸਨ।
1967 ਤੋਂ ਲੈ 2022 ਤੱਕ ਜਨਸੰਘ / ਬੀ ਜੇ ਪੀ ਬਹੁਤ ਲੰਮੇ ਸਮਿਆਂ ਤੱਕ ਅਕਾਲੀ ਦਲ ਨੂੰ ਮੰਦਾ ਚੰਗਾ ਬੋਲਦੀ ਰਹੀ ਹੈ ਪਰ ਅਕਾਲੀ ਦਲ ਕਦੇ ਵੀ ਉਹਦੇ ਖਿਲਾਫ ਬੋਲਿਆ । ਬੀ ਜੇ ਪੀ ਦੇ ਖਿਲਾਫ ਪਹਿਲੀ ਦਫਾ ਖੁੱਲ ਕੇ ਕੱਲ ਹੀ ਬੋਲਿਆ ਹੈ।ਅਕਾਲੀ ਦਲ ਚੋਂ ਬੀ ਜੇ ਪੀ ਚ ਗਏ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਕਾਲੀਆਂ ਦੇ ਇਸ ਇਲਜ਼ਾਮ ਦਾ ਤਿੱਖਾ ਰੱਦੇ-ਅਮਲ ਜਾਹਿਰ ਕੀਤਾ ਹੈ।ਪਾਰਟੀ ਲੀਡਰਸ਼ਿਪ ਦਾ ਵਿਰੋਧ ਕਰਨ ਵਾਲੇ ਹਰੇਕ ਆਗੂ ਤੇ ਕਾਂਗਰਸੀ ਨਾਲ ਰਲਿਆ ਹੋਣ ਕਹਿਣ ਵਾਲੀ ਤੁਹਮਤ ਜੇਹੜਾ ਅਸਰ ਦਿਖਾਉਂਦੀ ਸੀ ਓਹ ਅਸਰ ਬੀ ਜੇ ਪੀ ਦਾ ਏਜੰਟ ਆਖਣ ਵਾਲੀ ਗੱਲ ਨੇ ਨਹੀਂ ਕਰਿਆ ਕਰਨਾ।ਸੋ ਅਕਾਲੀ ਦਲ ਵਾਸਤੇ ਇਹ ਇੱਕ ਬਿਲਕੁਲ ਨਵੀਂ ਮੁਸ਼ਕਲ ਦਰਪੇਸ਼ ਆਉਣ ਵਾਲੀ ਹੈ।