ਦਸ ਸਾਲ ਤੋਂ ਆਪਣੀ ਜ਼ਮੀਨ ਦੇ ਮੁਆਵਜ਼ੇ ਲਈ ਖੱਜਲ ਖਰਾਬ ਹੋ ਰਹੇ ਕਿਸਾਨਾਂ ਨੂੰ ਆਪ ਆਗੂ ਨੇ ਦੁਆਈ ਵੱਡੀ ਹਾਹਤ
- ਮੁੱਖ ਮੰਤਰੀ ਦੇ ਸਹਿਯੋਗ ਨਾਲ ਲੁਧਿਆਣਾ ਇੰਪਰੁਵਮੈਂਟ ਟਰਸਟ ਤੋਂ ਪੈਸੇ ਲੈ ਕੇ ਗੁਰਦਾਸਪੁਰ ਦੇ ਕਿਸਾਨਾਂ ਨੂੰ ਦੁਹਾਈਆ ਬਕਾਇਆ ਮੁਆਵਜ਼ਾ
ਰਿਪੋਰਟਰ। ਰੋਹਿਤ ਗੁਪਤਾ
ਗੁਰਦਾਸਪੁਰ, 13 ਔਸਤ 2022 - ਪਿਛਲੇ ਦਸ ਸਾਲਾਂ ਤੋਂ ਸਰਕਾਰ ਵੱਲੋਂ ਕਬਜ਼ੇ ਵਿਚ ਲਈ ਗਈ ਜ਼ਮੀਨ ਦਾ ਮੁਆਵਜ਼ਾ ਲੈਣ ਲਈ ਖੱਜਲ ਖਰਾਬ ਹੋ ਰਹੇ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੁਸ਼ ਕਰ ਦਿੱਤਾ ਹੈ। ਦਸ ਸਾਲਾਂ ਵਿੱਚ ਦੋ ਪਾਰਟੀਆਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਨਹੀਂ ਸੁਣੀ ਪਰ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਨੇ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਤੇ ਆਖਰ ਗੁਰਦਾਸਪੁਰ ਦੀ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਨਾਲ ਸਬੰਧਤ ਕਿਸਾਨਾਂ ਦੇ ਬਕਾਇਆ ਮੁਆਵਜ਼ੇ ਦਾ ਰੇੜਕਾ ਅੱਜ ਖਤਮ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਪਹੁੰਚ ਕੇ ਕਿਸਾਨਾਂ ਨੂੰ ਬਕਾਇਆ ਮੁਆਵਜ਼ੇ ਦੇ ਕਰੀਬ ਸਾਢੇ ਸੱਤ ਕਰੋੜ ਰੁਪਏ ਦੇ ਚੈੱਕ ਵੰਡੇ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਕਿਸਾਨਾਂ ਦੀ 84.77 ਏਕੜ ਰਕਬਾ ਜਮੀਨ ਇੰਪਰੂਵਮੈਂਟ ਟਰੱਸਟ ਦੀ ਕਾਲੋਨੀ ਬਣਾਉਣ ਲਈ ਨਗਰ ਸੁਧਾਰ ਟਰੱਸਟ ਨੇ ਜਦੋਂ ਅਕਵਾਇਰ ਕੀਤੀ ਸੀ ਤਾਂ ਕਿਸਾਨਾਂ ਨੂੰ ਸਿਰਫ 12-12 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਾਸ਼ੀ ਦਿੱਤੀ ਗਈ ਸੀ। ਜਿਸ ਦੇ ਬਾਅਦ ਕਿਸਾਨਾਂ ਨੇ ਅਦਾਲਤ ਵਿੱਚ ਪਹੁੰਚ ਕਰਕੇ ਯੋਗ ਮੁਆਵਜ਼ੇ ਦੀ ਮੰਗ ਕੀਤੀ ਸੀ ਅਤੇ ਅਦਾਲਤ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਦਲੀਲਾਂ ਨੂੰ ਸਮਝਦੇ ਹੋਏ ਬਾਰਾਂ_ ਬਾਰਾਂ ਲੱਖ ਰੁਪਏ ਦੇ ਹਿਸਾਬ ਨਾਲ ਹੋਰ ਮੁਆਵਜ਼ਾ ਦੇਣ ਦਾ ਹੁਕਮ ਕੀਤਾ ਸੀ। ਪਰ ਅਦਾਲਤ ਦੇ ਹੁਕਮਾਂ ਦੇ ਬਾਅਦ ਵੀ ਨਗਰ ਸੁਧਾਰ ਟਰੱਸਟ ਵੱਲੋਂ ਕਿਸਾਨਾਂ ਨੂੰ ਇਹ ਅਦਾਇਗੀਆਂ ਨਹੀਂ ਕੀਤੀਆਂ ਗਈਆਂ।
ਪਿਛਲੀਆਂ ਦੋ ਸਰਕਾਰਾਂ ਨੇ ਕਿਸਾਨਾਂ ਨੂੰ ਰੱਜ ਕੇ ਖੱਜਲ ਖੁਆਰ ਅਤੇ ਨਜ਼ਰਅੰਦਾਜ਼ ਕੀਤਾ ਸੀ। ਇਸ ਕਾਰਨ ਕਿਸਾਨਾਂ ਨੇ ਇਸ ਸਾਲ 2 ਜਨਵਰੀ ਨੂੰ ਨਗਰ ਸੁਧਾਰ ਟਰੱਸਟ ਦੇ ਸਾਹਮਣੇ ਧਰਨਾ ਸ਼ੁਰੂ ਕੀਤਾ ਸੀ ਅਤੇ ਫਿਰ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਕਿਸਾਨਾਂ ਨੇ ਇਹ ਧਰਨਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਤਬਦੀਲ ਕਰ ਦਿੱਤਾ ਸੀ ਜੋ ਲੱਗਭੱਗ ਦੋ ਮਹੀਨੇ ਚੱਲਿਆ। ਇਸ ਦੌਰਾਨ ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਨੇ ਕੋਸ਼ਿਸ਼ ਕਰਕੇ ਕਿਸਾਨਾਂ ਨੂੰ ਇੱਕ ਕਰੋਡ਼ ਰੁਪਏ ਦੀਆਂ ਅਦਾਇਗੀਆਂ ਕਰਵਾਈਆਂ ਸਨ ਅਤੇ ਬਾਕੀ ਬਚੇ ਸਾਢੇ 7 ਕਰੋੜ ਰੁਪਏ ਦੀਆਂ ਅਦਾਇਗੀਆਂ ਰਮਨ ਬਹਿਲ ਵੱਲੋਂ ਅੱਜ ਕਰਵਾਈਆਂ ਗਈਆਂ ਹਨ।
ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਵੀ ਚਲੀਆਂ ਗਈਆਂ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਵੀ ਨਹੀਂ ਮਿਲਿਆ ਜਿਸ ਕਰਕੇ ਇਨ੍ਹਾਂ ਕਿਸਾਨਾਂ ਦੀ ਹਾਲਤ ਬੇਹੱਦ ਬਦਤਰ ਸੀ। ਪਰ ਰਮਨ ਬਹਿਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਯਤਨ ਕਰਕੇ ਕਿਸਾਨਾਂ ਦੀਆਂ ਅਦਾਇਗੀਆਂ ਕਰਵਾ ਦਿੱਤੀਆਂ ਹਨ ਜਿਸ ਕਰਕੇ ਕਿਸਾਨ ਆਗੂ ਅਤੇ ਸਬੰਧਤ ਪੀਡ਼ਤ ਪਰਿਵਾਰ ਰਮਨ ਬਹਿਲ ਅਤੇ ਸਾਰੇ ਸਹਿਯੋਗੀਆਂ ਦੇ ਧੰਨਵਾਦੀ ਰਹਿਣਗੇ।
ਰਮਨ ਬਹਿਲ ਨੇ ਕਿਹਾ ਕਿ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਨ। ਪਰ ਬਦਕਿਸਮਤੀ ਦੀ ਗੱਲ ਹੈ ਕਿ ਪਿਛਲੇ ਦੱਸ ਸਾਲ ਰਾਜ ਕਰਨ ਵਾਲੀਆਂ ਸਰਕਾਰਾਂ ਅਤੇ ਗੁਰਦਾਸਪੁਰ ਦੇ ਨੁਮਾਇੰਦਿਆਂ ਨੇ ਇਨ੍ਹਾਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਉਨਾਂ ਨੇ ਦੋਸ਼ ਲਗਾਇਆ ਕਿ ਦੁੱਖ ਦੀ ਗੱਲ ਹੈ ਕਿ ਨਗਰ ਸੁਧਾਰ ਟਰੱਸਟ ਦੀਆਂ ਜ਼ਮੀਨਾਂ ਵੇਚ ਕੇ ਜਿਹੜੀ ਆਮਦਨ ਟਰੱਸਟ ਨੂੰ ਹੋਣੀ ਸੀ ਉਹ ਵੀ ਸਿਆਸੀ ਲੋਕਾਂ ਦੀ ਜੇਬਾਂ ਵਿੱਚ ਚਲੀ ਗਈ ਕਿਉਂਕਿ ਟਰੱਸਟ ਇਸ ਜਾਇਦਾਦਾਂ ਦੀ ਨਿਲਾਮੀ ਸਹੀ ਢੰਗ ਨਾਲ ਨਹੀਂ ਹੋਈ।ਬਹਿਲ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਕਰੀਬ ਸਾਢੇ ਸੱਤ ਕਰੋੜ ਰੁਪਏ ਦੀ ਅਦਾਇਗੀ ਬਕਾਇਆ ਸੀ। ਪਰ ਟਰੱਸਟ ਕੋਲ ਇੰਨੀ ਵੱਡੀ ਰਕਮ ਨਾ ਹੋਣ ਕਾਰਨ ਉਨ੍ਹਾਂ ਨੇ ਇਹ ਮਾਮਲਾ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦਾ ਅਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੁਧਿਆਣਾ ਦੀ ਨਗਰ ਸੁਧਾਰ ਟਰੱਸਟ ਤੋਂ ਸਾਢੇ ਤਿੰਨ ਕਰੋੜ ਰੁਪਏ ਗੁਰਦਾਸਪੁਰ ਦੀ ਟਰੱਸਟ ਨੂੰ ਦਵਾਏ ਹਨ ਤਾਂ ਜੋ ਇਨ੍ਹਾਂ ਕਿਸਾਨਾਂ ਦੀ ਅਦਾਇਗੀ ਤੁਰੰਤ ਕੀਤੀ ਜਾ ਸਕੇ। ਇਸਦੇ ਨਾਲ ਹੀ ਬਾਕੀ ਦੇ ਪੈਸਿਆਂ ਦਾ ਪ੍ਰਬੰਧ ਕਰ ਕੇ ਅੱਜ ਸਾਢੇ ਸੱਤ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਦੇ ਬਣਦੇ ਚੈੱਕ ਸਬੰਧਤ ਕਿਸਾਨਾਂ ਨੂੰ ਵੰਡ ਦਿੱਤੇ ਗਏ ਹਨ ਇਸ ਦੇ ਬਾਅਦ ਹੁਣ ਕਿਸਾਨਾਂ ਦਾ ਕੋਈ ਬਕਾਇਆ ਨਹੀਂ ਰਹੇਗਾ।