ਮਾਨ ਸਰਕਾਰ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੀ ਲਿਸਟ ਜਾਰੀ ਕਰੇ ਜਿੰਨ੍ਹਾਂ ਨੂੰ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਉਣ ਤੋਂ ਬਾਅਦ ਕੀਤਾ ਗਿਆ ਰਿਹਾਅ - ਖਾਲੜਾ ਮਿਸ਼ਨ ਤੇ ਮਨੁੱਖੀ ਅਧਿਕਾਰ ਸੰਗਠਨ
- ਹਾਕਮੋਂ ਦਿਨ ਰਾਤ ਸੰਵਿਧਾਨ ਕਾਨੂੰਨ ਦੀ ਦੁਹਾਈ ਪਾਓ - ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਅਦਾਲਤਾਂ ਦੁਆਰਾ ਸੁਣਾਈਆਂ ਸਜ਼ਾਵਾਂ ਦੀਆਂ ਮੁਆਫੀਆਂ ਦਿਵਾ ਕੇ ਜ਼ੇਲ੍ਹਾਂ ਵਿਚੋਂ ਰਿਹਾਅ ਕਰਵਾਓ - ਖਾਲੜਾ ਮਿਸ਼ਨ ਤੇ ਮਨੁੱਖੀ ਅਧਿਕਾਰ ਸੰਗਠਨ
ਅੰਮ੍ਰਿਤਸਰ, 13 ਅਗਸਤ 2022 - 1947 ਤੋਂ ਬਾਅਦ ਮੰਨੂਵਾਦੀਆਂ ਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਧਾਰਮਿਕ ਨਫਰਤਾਂ ਫੈਲਾਈਆਂ ਤੇ ਘੱਟ ਗਿਣਤੀਆਂ, ਕਿਸਾਨਾਂ, ਗਰੀਬਾਂ 'ਤੇ ਜ਼ੁਲਮ ਹੋਰ ਤੇਜ਼ ਕਰ ਦਿੱਤੇ। ਭਾਰਤੀ ਹਾਕਮਾਂ ਦੁਹਾਈ ਪਾਈ ਕਿ ਦੇਸ਼ ਹੁਣ ਸੰਵਿਧਾਨ ਤੇ ਕਾਨੂੰਨ ਮੁਤਾਬਿਕ ਚਲੇਗਾ, ਪਰ ਹੋਇਆ ਸਾਰਾ ਕੁਝ ਉਲਟ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਭਾਰਤੀ ਹਾਕਮਾਂ ਨੇ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਂਦਿਆਂ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚੜ੍ਹਾਈਆਂ।
ਪੰਜਾਬ ਅੰਦਰ ਝੂਠੇ ਮੁਕਾਬਲਿਆਂ ਨਾਲ ਧਰਤੀ ਰੰਗ ਦਿੱਤੀ। ਨਵੰਬਰ-84 ਕਤਲੇਆਮ ਹੋਇਆ ਪਰ ਮੰਨੂਵਾਦੀ ਹਾਕਮ ਸ਼ਰਮਿੰਦੇ ਨਾ ਹੋਏ। ਝੂਠੇ ਮੁਕਾਬਲਿਆਂ ਬਾਰੇ ਭਾਈ ਜਸਵੰਤ ਸਿੰਘ ਖਾਲੜਾ ਨੇ ਦੇਸ਼ ਵਿਦੇਸ਼ ਜ਼ੋਰਦਾਰ ਅਵਾਜ਼ ਰਾਂਹੀ ਭਾਰਤੀ ਹਾਕਮਾਂ ਨੂੰ ਨਸ਼ਰ ਕੀਤਾ। ਆਖਰ ਬੇਅੰਤ ਸਿੰਘ - ਕੇ.ਪੀ.ਐਸ. ਗਿੱਲ ਦੀ ਜੋੜੀ ਸੱਚ ਦਾ ਸਾਹਮਣਾ ਨਾ ਕਰ ਸਕੀ ਤੇ ਭਾਈ ਖਾਲੜਾ ਨੂੰ ਪਾਪੀਆਂ ਨੇ ਸ਼ਹੀਦ ਕਰ ਦਿੱਤਾ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਥੋੜੇ ਬਹੁਤ ਕੇਸ ਅਦਾਲਤਾਂ ਵਿਚ ਗਏ ਉਨ੍ਹਾਂ ਵਿਚੋਂ ਕਈ ਬਰੀ ਹੋਏ ਤੇ ਕਈਆਂ ਨੂੰ ਥੋੜੀਆਂ ਬਹੁਤੀਆਂ ਸਜ਼ਾਵਾਂ ਹੋਈਆਂ। ਸਿੱਖ ਪੰਥ ਨੂੰ ਆਸ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣਨ ਤੇ ਝੂਠੇ ਮੁਕਾਬਲੇ ਬਣਾਉਣ ਵਾਲੇ ਕਟਹਿਰੇ ਵਿਚ ਖੜੇ ਹੋਣਗੇ। ਪਰ ਹੋਇਆ ਇਸ ਦੇ ਉਲਟ ਉਨ੍ਹਾਂ ਕੇ.ਪੀ.ਐਸ. ਗਿੱਲ ਵਰਗੇ ਦੁਸ਼ਟਾਂ ਨੂੰ ਬਚਾਇਆ ਤੇ ਸੈਣੀ ਵਰਗੇ ਡੀ.ਜੀ.ਪੀ. ਲਾ ਦਿੱਤੇ।
ਹੋਰ ਤਾਂ ਹੋਰ ਪੰਥਕ ਅਖਵਾਉਣ ਵਾਲੀ ਸਰਕਾਰ ਨੇ ਝੂਠੇ ਮੁਕਾਬਲੇ ਬਣਾਉਣ ਵਾਲਿਆਂ ਦੀ ਵਕਾਲਤ ਕੀਤੀ। ਕੈਪਟਨ ਸਰਕਾਰ ਆਉਣ ਤੇ 84 ਵਾਲੇ ਹੋਰ ਨੰਗੇ ਹੋ ਗਏ, ਜਦੋਂ ਉਨ੍ਹਾਂ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਏ ਗਏ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਮੁਆਫੀਆਂ ਦਿਵਾਈਆਂ। ਹੁਣ ਖਬਰਾਂ ਆ ਰਹੀਆਂ ਹਨ ਕਿ ਭਗਵੰਤ ਮਾਨ ਸਰਕਾਰ ਝੂਠੇ ਮੁਕਾਬਲਿਆਂ ਦੇ ਦੋਸ਼ੀ ਜਿੰਨ੍ਹਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਸੁਣਾਈਆਂ ਹਨ ਨੂੰ 15 ਅਗਸਤ ਵਾਲੇ ਦਿਨ ਰਿਹਾਅ ਕਰਨ ਜਾ ਰਹੀ ਹੈ। ਸਰਕਾਰ ਦੀ ਇਹ ਕਾਰਵਾਈ ਪੀੜਤ ਪ੍ਰੀਵਾਰਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਹੈ ਅਤੇ ਪੰਜਾਬ ਦਾ ਅਮਨ-ਚੈਨ ਭੰਗ ਕਰਨ ਵਾਲੀ ਹੈ। ਸੰਵਿਧਾਨ ਕਾਨੂੰਨ ਦੀ ਦੁਹਾਈ ਪਾਉਣ ਵਾਲੇ ਦਿੱਲੀ ਨਾਗਪੁਰ ਦੇ ਹਾਮੀ ਅਦਾਲਤਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਦੋਸ਼ੀਆਂ ਦੀ ਲਿਸਟ ਜਾਰੀ ਕਰੇ ਜਿੰਨ੍ਹਾਂ ਨੂੰ ਅੱਜ ਤੱਕ ਸਰਕਾਰਾਂ ਨੇ ਅਦਾਲਤਾਂ ਦੁਆਰਾ ਦੋਸ਼ੀ ਠਹਿਰਾਉਣ ਦੇ ਬਾਵਜੂਦ ਮੁਆਫੀਆਂ ਦੇ ਕੇ ਜ਼ੇਲ੍ਹਾਂ ਵਿਚੋਂ ਛੱਡਿਆ।