ਡੇਅਰੀ ਉੱਦਮ ਸਿਖਲਾਈ ਲਈ ਕੌਂਸਲਿੰਗ ਵੇਰਕਾ ਵਿਖੇ 27 ਸਤੰਬਰ ਨੂੰ
ਰੋਹਿਤ ਗੁਪਤਾ ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 22 ਸਤੰਬਰ 2022- ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵੱਲੋਂ ਚਾਰ ਹਫ਼ਤੇ ਡੇਅਰੀ ਉੱਦਮ ਸਿਖਲਾਈ ਕੋਰਸ 03 ਅਕਤੂਬਰ 2022 ਤੋਂ ਚਾਰ ਹਫਤੇ ਲਈ ਡੇਅਰੀ ਸਿਖਲਾਈ ਕੇਂਦਰ ਵੇਰਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼ੁਰੂ ਹੋ ਰਿਹਾ ਹੈ। ਚਾਹਵਾਨ ਡੇਅਰੀ ਫਾਰਮਰ ਜੋ ਘੱਟੋ-ਘੱਟ 10ਵੀਂ ਪਾਸ ਹੋਣ, ਉਮਰ 18 ਤੋਂ 45 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ ਅਤੇ ਪਹਿਲਾਂ ਘੱਟੋ-ਘੱਟ 05 ਪਸੂ ਰੱਖੇ ਹੋਣ, ਉਹ ਇਸ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ, ਗੁਰਦਾਸਪੁਰ ਕਸ਼ਮੀਰ ਸਿੰਘ ਗੋਰਾਇਆ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ ਬਣਾਉਣ ਲਈ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ, ਵੱਖ-ਵੱਖ ਬੀਮਾਰੀਆਂ, ਮਨਸੂਹੀ ਗਰਭਦਾਨ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਮਾਡਲ ਕੈਟਲ ਸੈਡਾਂ ਦੀ ਉਸਾਰੀ, ਦੁੱਧ ਚੁਆਈ ਮਸੀਨਾਂ ਅਤੇ ਡੇਅਰੀ ਦੇ ਧੰਦੇ ਦਾ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਬਸਿਡੀਆਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਸਿਖਲਾਈ ਕੋਰਸ ਲਈ ਕੌਂਸਲਿੰਗ 27 ਸਤੰਬਰ 2022 ਨੂੰ ਸਵੇਰੇ 10:00 ਵਜੇ ਦਫ਼ਤਰ ਇੰਚਾਰਜ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਵੇਰਕਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਸਿਖਲਾਈ ਲੈਣ ਦੇ ਚਾਹਵਾਨ ਮਿਤੀ 23 ਸਤੰਬਰ 2022 ਤੱਕ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਵਿਖੇ ਹਾਜ਼ਰ ਹੋ ਕੇ ਪ੍ਰਾਸਪੈਕਟ (ਫਾਰਮ) ਹਾਸਲ ਕਰ ਸਕਦੇ ਹਨ। ਚੁਣੇ ਹੋਏ ਸਿਖਿਆਰਥੀ ਜਨਰਲ ਕੈਟਾਗਰੀ ਲਈ ਫੀਸ 5000 ਰੁਪਏ ਅਤੇ ਅਨਸੂਚਿਤ ਜਾਤੀ ਲਈ 4000 ਰੁਪਏ ਫੀਸ ਹੋਵੇਗੀ। ਚਾਹਵਾਨ ਵਿਅਕਤੀ ਇਸ ਦਫਤਰ ਤੋ ਪ੍ਰੋਸਪੈਕਟਸ ਲੈ ਕੇ 23 ਸਤੰਬਰ 2022 ਤੱਕ ਆਪਣੇ ਬਿਨੈ ਪੱਤਰ ਚੋਣ ਲਈ ਦੇ ਸਕਦੇ ਹਨ।