25 ਸਤੰਬਰ ਨੂੰ ਐਨ ਪੀ ਐਸ ਮੁਲਾਜ਼ਮ ਫੂਕਣਗੇ ਆਪ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ
ਮਾਮਲਾ ਪੁਰਾਣੀ ਪੈਂਨਸ਼ਨ ਬਹਾਲੀ ਦਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 23 ਸਤੰਬਰ 2022- ਜ਼ਿਲ੍ਹਾ ਗੁਰਦਾਸਪੁਰ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਜ਼ਿਲ੍ਹਾ ਕੰਨਵੀਨਰ ਲਵਪ੍ਰੀਤ ਸਿੰਘ ਰੋੜਾਂਵਾਲੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਐਨ ਪੀ ਐਸ ਮੁਲਾਜ਼ਮਾ ਨੂੰ ਆਸ ਦੀ ਕਿਰਨ ਨਜ਼ਰ ਆਈ ਸੀ। ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਸਾਡੀ ਇੱਕੋ ਇੱਕ ਜਾਇਜ ਮੰਗ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਸਰਕਾਰ ਬਣਦੇ ਸਾਰ ਲਾਗੂ ਕਰਨ ਦੀ ਗੱਲ ਕਹੀ। ਇਸ ਸਬੰਧੀ ਵਿੱਤ ਮੰਤਰੀ ਦੀ ਪੁਰਾਣੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਕਹਿ ਰਹੇ ਹਨ। ਜਦੋਂ ਸਰਕਾਰ ਬਣੀ ਐਨ ਪੀ ਐਸ ਮੁਲਾਜ਼ਮਾਂ ਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ ਬੜੀ ਉਮੀਦ ਲਾ ਕੇ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੈ ਐਲਾਨ ਦੀ ਉਡੀਕ ਕਰਨ ਲੱਗੇ ਸਰਕਾਰ ਨੇ ਵਾਅਦਾ ਪੂਰਾ ਕਰਨ ਲਈ ਜੱਥੇਬੰਦੀਆਂ ਕੋਲੋਂ ਛੇ ਮਹੀਨੇ ਦਾ ਸਮਾਂ ਮੰਗਿਆ। ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਅਜੇ ਤੱਕ ਮੁਲਾਜਮਾਂ ਦੇ ਪੱਲੇ ਲਾਰਿਆਂ ਤੋਂ ਬਗੈਰ ਕੁੱਝ ਨਹੀਂ ਪਿਆ। ਸਰਕਾਰਾਂ ਆਈਆਂ ਸਰਕਾਰਾਂ ਗਈਆਂ ਹਰ ਸਰਕਾਰ ਮੰਗ ਨੂੰ ਤਾਂ ਜਾਇਜ ਮੰਨਦੀ ਰਹੀ ਪਰ ਕੋਈ ਸਾਰਥਕ ਫੈਸਲਾ ਮੁਲਾਜ਼ਮਾਂ ਦੀ ਝੋਲੀ ਨਹੀਂ ਪਾ ਸਕੀ। ਇਸ ਸਬੰਧੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਦੇ ਹਰ ਜ਼ਿਲ੍ਹੇ ਵਿਚ 25 ਸਤੰਬਰ ਨੂੰ ਆਪ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ। ਹੋਰ ਆਗੂਆਂ ਨੇ ਦੱਸਿਆ ਕਿ ਮੁਲਾਜਮ ਆਮ ਵਰਗ ਦਾ ਉਹ ਹਿੱਸਾ ਹਨ ਜੋ ਅਪਣੀ ਮੇਹਨਤ ਦੇ ਬਲ ਬੂਤੇ ਨੌਕਰੀਆਂ ਹਾਸਲ ਕਰਕੇ ਸੇਵਾ ਲਈ ਚੁਣੇ ਜਾਂਦੇ ਹਨ ਅਤੇ ਇਨ੍ਹਾਂ ਦੇ ਦਰਦ ਨੂੰ ਸਮਝਦੇ ਹੋਏ ਰਾਜਸਥਾਨ ਸਰਕਾਰ, ਛੱਤੀਸਗੜ੍ਹ ਸਰਕਾਰ ਅਤੇ ਝਾਰਖੰਡ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਪਰ ਜਿੱਥੋਂ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੋਣ ਦਾ ਦਾਅਵਾ ਕਰ ਰਹੀ ਹੈ ਉਹ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਹਿਚਕਚਾਹਟ ਮਹਿਸੂਸ ਕਰ ਰਹੀ ਹੈ। ਜਿੰਨ੍ਹਾਂ ਰਾਜਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਹੋਈ ਹੈ ।ਉੱਥੇ ਇਸ ਸਬੰਧੀ ਸੰਘਰਸ਼ ਵੀ ਪਲੇਠੇ ਹੀ ਸਨ ਜਦੋਂ ਕਿ ਪੰਜਾਬ ਵਿੱਚ ਇਸ ਸਬੰਧੀ ਕੀਤੇ ਜਾ ਰਹੇ ਸੰਘਰਸ਼ ਨੂੰ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪੁਰਾਣੀ ਪੈਨਸ਼ਨ ਬਹਾਲੀ ਦੇ ਨਾਮ ਤੇ ਗੂੰਗੀ ਤੇ ਬੋਲੀ ਹੋ ਚੱਕੀ ਸਰਕਾਰ ਨੂੰ ਉਸਦੇ ਨੁਮਾਇੰਦਿਆਂ ਵੱਲੋ ਲਾਏ ਗਏ ਲਾਰੇ ਯਾਦ ਕਰਾਉਣ ਲਈ ਅਤੇ ਅਪਣੀ ਮੰਗ ਮੰਨਵਾਉਣ ਲਈ ਲਾਰਿਆਂ ਦੀ ਪੰਡ ਫੂਕੀ ਜਾਣੀ ਹੈ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਅੰਤ ਵਿੱਚ ਸੂਬਾ ਕਮੇਟੀ ਮੈਂਬਰ ਲਖਵਿੰਦਰ ਸਿੰਘ ਭੌਰ, ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰੰਗੀਲਪੁਰ, ਕੋ-ਕਨਵੀਨਰ ਕੁਲਵੰਤ ਸਿੰਘ ਜੰਜੂਆ, ਜੁਗਲ ਕਿਸ਼ੋਰ ਬੱਲ, ਹਰਵਿੰਦਰ ਸਿੰਘ ਘੁਮਾਣ, ਸੁਖਬੀਰ ਸਿੰਘ ਗਿੱਲ, ਬਲਜੀਤ ਸਿੰਘ ਦੀਨਾ ਨਗਰ, ਬਲਾਕ ਪ੍ਰਧਾਨ ਗਣੇਸ਼ ਜਰੇਵਾਲ, ਹੀਰਾ ਸਿੰਘ ਭੱਟੀ , ਚੇਤਨ ਮਹਾਜਨ ,ਉਮ ਪ੍ਰਕਾਸ਼,ਅਮੀਤੇਸਵਰ ਚੌਧਰੀ, ਅਮਨਦੀਪ ਸੋਨੂੰ ਨੇ ਸਭ ਸਾਥੀਆਂ ਦਾ ਧੰਨਵਾਦ ਕਰਦਿਆਂ ਜ਼ਿਲ੍ਹੇ ਦੇ ਸਮੂਹ ਐਨ ਪੀ ਐਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਠੀਕ 10 ਵਜੇ, ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਪਹੁੰਚ ਕੇ ਅਪਣੇ ਹਿੱਸੇ ਦਾ ਵਿਰੋਧ ਵਿੱਚ ਯੋਗਦਾਨ ਪਾਉਣ।