ਪੁੱਤਰਾਂ ਤੋ ਦੁਖੀ ਹੋਏ ਬਜ਼ੁਰਗ ਜੋੜੇ ਨੇ ਲਗਾਈ ਭਗਵੰਤ ਮਾਨ ਅੱਗੇ ਇਨਸਾਫ਼ ਦੀ ਗੁਹਾਰ
ਕੁਲਵੰਤ ਸਿੰਘ ਬੱਬੂ
ਘਨੌਰ 25 ਸਤੰਬਰ 2022 - ਅੱਜ ਕੱਲ੍ਹ ਮਹਿਗਾਈ ਦੇ ਦੌਰ ਵਿੱਚ ਕੋਈ ਕਿਵੇਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲਦਾ ਹੈ ਇਹ ਤਾਂ ਓਹ ਇਨਸਾਨ ਹੀ ਜਾਣਦਾਂ ਹੈ ਪਰ ਸਭਤੋਂ ਵੱਧ ਦੁੱਖ ਇਨਸਾਨ ਨੂੰ ਓਦੋਂ ਲੱਗਦਾ ਹੈ ਜਦੋਂ ਓਹੀ ਔਲ਼ਾਦ ਉਸ ਦੀ ਵੈਰੀ ਬਣ ਜਾਵੇ।ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਿੰਡ ਕਾਮੀ ਕਲਾਂ ਦੇ ਵਿੱਚ ਜਿੱਥੇ ਆਪਣੇ ਦੋ ਪੁੱਤਰਾਂ ਤੋ ਦੁਖੀ ਹੋਕੇ ਸੁਰਜੀਤ ਖਾਨ ਅਤੇ ਓਹਨਾ ਦੀ ਪਤਨੀ ਬਚਨੀ ਬੇਗਮ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਖਾਨ ਨੇ ਦੱਸਿਆ ਕਿ ਉਸ ਨੇ ਹੱਡ ਭੰਨਵੀ ਮਿਹਨਤ ਕਰ ਆਪਣੇ ਬੱਚਿਆਂ ਲਈ ਹਰ ਸੁੱਖ ਸਹੂਲਤਾਂ ਦਾ ਪ੍ਰਬੰਧ ਕੀਤਾ, ਟਰੈਕਟਰ,ਬੋਰ ਕਰਨ ਵਾਲਿਆਂ ਮਸ਼ੀਨਾਂ ਤੂੜੀ ਦੇ ਰੀਪਰ ਅਤੇ ਹੋਰ ਘਰ ਦੇ ਸਾਰੇ ਸੰਦ ਬਣਾਏ।
ਸੁਰਜੀਤ ਖਾਨ ਨੇ ਭਰੇ ਮਨ ਨਾਲ ਕਿਹਾ ਕਿ ਮੈਨੂੰ ਨਹੀ ਪਤਾ ਸੀ ਕਿ ਇੱਕ ਦਿਨ ਇਹਨਾਂ ਸੰਦਾਂ ਦੀ ਵੰਡ ਵੰਡਾਈ ਮੌਕੇ ਮੇਰੇ ਨਾਲ ਇਹ ਕੁੱਝ ਵਾਪਰੇਗਾ। ਓਹਨਾ ਦੱਸਿਆ ਕਿ ਸਾਰਾ ਕੁੱਝ ਵੰਡ ਕੇ ਦੇਣ ਮਗਰੋਂ ਵੀ ਮੇਰੇ ਦੋ ਮੁੰਡਿਆਂ ਦੇ ਮਨਾਂ ਵਿਚੋਂ ਲਾਲਚ ਨਹੀ ਗਿਆ,ਮੇਰਾ ਅਪਣਾ ਸਾਮਾਨ ਮੇਰੇ ਮੁੰਡੇ ਦਿਲਬਰ ਖਾਨ ਦੇ ਘਰ ਪਿਆ ਸੀ। ਕੁਝ ਪਿੰਡ ਦੇ ਪੰਚਾਇਤ ਅਤੇ ਮੋਹਤਬਰਾਂ ਨੇ ਫੈਸਲਾ ਕੀਤਾ ਕਿ ਜਿੰਨੀ ਦੇਰ ਤੱਕ ਮੈ ਆਪਣਾਂ ਘਰ ਨਹੀਂ ਬਣਾ ਲੈਂਦਾ ਮੇਰਾ ਸਮਾਨ ਦਿਲਬਰ ਖਾਨ ਦੇ ਘਰ ਰਹੇਗਾ। ਹੁਣ ਜਦੋ ਮੈ ਆਪਣੇ ਰਹਿਣ ਵਾਸਤੇ ਘਰ ਬਣਾ ਲਿਆ ਤਾ ਮੇਰਾ ਮੁੰਡਾ ਦਿਲਬਰ ਖਾਨ ਮੈਨੂੰ ਸਾਮਾਨ ਨਹੀ ਚੁੱਕਣ ਦੇ ਰਿਹਾ ਜਿਸ ਵਿੱਚ ਮੇਰਾ ਇੱਕ ਮੁੰਡਾ ਕਾਲਾ ਖਾਨ ਉਸਦੀ ਮੱਦਦ ਕਰ ਰਿਹਾ ਹੈ ਜਦੋਂ ਅਸੀਂ ਉਸਦੇ ਘਰ ਸਾਮਾਨ ਲੈਣ ਵਾਸਤੇ ਗਏ ਤਾ ਉਸਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੈਨੂੰ ਅਪਸ਼ਬਦ ਵੀ ਬੋਲੇ। ਬਜ਼ੁਰਗ ਜੋੜੇ ਨੇ ਭਗਵੰਤ ਮਾਨ ਸਰਕਾਰ ਤੋ ਇਨਸਾਫ਼ ਦੀ ਗੁਹਾਰ ਲਗਾਈ ਹੈ।ਜਦੋ ਇਸ ਸਬੰਧੀ ਉਸ ਦੇ ਪੁੱਤਰ ਦਿਲਬਰ ਖਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਤੇ ਲਗਾਏ ਸਾਰੇ ਇਲਜ਼ਾਮ ਝੁੱਠੇ ਹਨ।ਉਲਟਾ ਇਹਨਾਂ ਨੇ ਸਾਡੇ ਘਰ ਆਕੇ ਸਾਡੀ ਕੁੱਟਮਾਰ ਕੀਤੀ ਹੈ।