ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲਾਉਣ ਦੀਆਂ ਸ਼ਿਕਾਇਤਾਂ ਕਰਨ ਲਈ ਕੰਟਰੋਲ ਰੂਮ ਦੇ ਨੰਬਰ ਜਾਰੀ ਕੀਤੇ
ਗੁਰਦਾਸਪੁਰ ਵਿੱਚ 01874-292740 ਅਤੇ ਬਟਾਲਾ ਵਿੱਚ 01871-226033 ਇਹ ਕਰ ਸਕਦੇ ਹੋ ਸ਼ਿਕਾਇਤ
ਰੋਹਿਤ ਗੁਪਤਾ, ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 30 ਸਤੰਬਰ 2022- ਡਿਪਟੀ ਕਮਿਸ਼ਨਰ ਮੁਹਮੰਦ ਇਸ਼ਫ਼ਾਕ ਨੇ ਜਾਣਕਾਰੀ ਦਿੰਦਿਅ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਦੋ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜੋ ਦਿਨ-ਰਾਤ ਕੰਮ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇੱਕ ਕੰਟਰੋਲ ਰੂਮ ਬਟਾਲਾ ਵਿਖੇ ਸਥਾਪਤ ਕੀਤਾ ਗਿਆ ਹੈ, ਜਿਸਦਾ ਨੰਬਰ 01871-226033 ਹੈ ਅਤੇ ਇਸ ਕੰਟਰੋਲ ਰੂਮ ਨਾਲ ਬਟਾਲਾ, ਸ੍ਰੀ ਹਰਗੋਬਿੰਦਪੁਰ ਸਾਹਿਬ, ਕਾਦੀਆਂ, ਫ਼ਤਹਿਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਬਲਾਕਾਂ ਨਾਲ ਸਬੰਧਤ ਪਰਾਲੀ ਨੂੰ ਅੱਗ ਦੀਆਂ ਘਟਨਾਵਾਂ ਦੀ ਸੂਚਨਾ ਦਿੱਤੀ ਜਾ ਸਕਦੀ ਹੈ।
ਇਸੇ ਤਰਾਂ ਦੂਜਾ ਕੰਟਰੋਲ ਰੂਮ ਗੁਰਦਾਸਪੁਰ ਵਿਖੇ ਹੈ ਜਿਸਦਾ ਨੰਬਰ 01874-292740 ਹੈ ਅਤੇ ਇਸ ਕੰਟਰੋਲ ਰੂਮ ਨਾਲ ਗੁਰਦਾਸਪੁਰ, ਕਾਹਨੂੰਵਾਨ, ਦੀਨਾਨਗਰ, ਧਾਰੀਵਾਲ ਅਤੇ ਕਲਾਨੌਰ ਬਲਾਕਾਂ ਦੇ ਕਿਸਾਨ, ਸਰਪੰਚ, ਨੰਬਰਦਾਰ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੂਚਨਾ ਦੇ ਸਕਦੇ ਹਨ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ 112 ਨੰਬਰ ’ਤੇ ਵੀ ਸੂਚਿਤ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਪਰਾਲੀ/ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ, ਓਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਮਨੁੱਖ ਸਮੇਤ ਹੋਰ ਜੀਵ-ਜੰਤੂਆਂ ਲਈ ਵੀ ਇਹ ਬੇਹੱਦ ਘਾਤਕ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕਿਸੇ ਪ੍ਰਕਾਰ ਦੀ ਤਕਨੀਕੀ ਜਾਣਕਾਰੀ ਲੈਣ ਲਈ ਕਿਸਾਨ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।