ਹਵਾਲਾਤੀ ਰਜਿੰਦਰਾ ਹਸਪਤਾਲ ਚੋਂ ਫ਼ਰਾਰ ਹੋਇਆ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਪਟਿਆਲਾ 1 ਅਕਤੂਬਰ 2022: ਪਟਿਆਲਾ ਦੀ ਕੇਂਦਰੀ ਜੇਲ੍ਹ ਨਿੱਤ ਸੁਰਖੀਆਂ ਚ ਰਹਿੰਦੀ ਹੈ। ਜੇਲ੍ਹ ਦਾ ਹਵਾਲਾਤੀ ਸਵੇਰੇ ਰਜਿੰਦਰਾ ਹਸਪਤਾਲ ਚੋਂ ਫਰਾਰ ਹੋ ਗਿਆ ਹੈ। ਅਮਰੀਕ ਸਿੰਘ ਵਜੋਂ ਹਵਾਲਾਤੀ ਦੀ ਪਹਿਚਾਣ ਹੋਈ ਹੈ, ਜਿਸ ਖ਼ਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਸੀ। ਜੇਲ੍ਹ ਵਿਚ ਅਮਰੀਕ ਦੀ ਇਕ ਹੋਰ ਕੈਦੀਆਂ ਨਾਲ ਲੜਾਈ ਹੋਈ ਸੀ, ਇਸ ਦੌਰਾਨ ਅਮਰੀਕਾ ਸਿੰਘ ਜਖ਼ਮੀ ਹੋਇਆ ਸੀ। ਅਮਰੀਕ ਨੂੰ ਸ਼ਨੀਵਾਰ ਸਵੇਰੇ ਰਜਿੰਦਰਾ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ। ਐਕਸਰੇ ਕਰਾਉਣ ਸਮੇਂ ਅਮਰੀਕ ਸਿੰਘ ਸੁਰੱਖਿਆ ਮੁਲਾਜ਼ਮਾਂ ਕੋਲੋਂ ਫਰਾਰ ਹੋ ਗਿਆ ਸੀ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਵਾਲਾਤੀ ਨਾਲ ਡਿਊਟੀ ਤੇ ਗਏ ਮੁਲਾਜ਼ਮਾਂ ਦੀ ਲਾਪਰਵਾਹੀ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪੁਲਿਸ ਟੀਮਾਂ ਹਵਾਲਾਤੀ ਦੀ ਭਾਲ ਵਿੱਚ ਲੱਗ ਗਈਆਂ ਹਨ।