ਇਕ ਹੋਰ ਥਾਣੇਦਾਰ ਦੀ ਬੂਟ ਪਾਕੇ ਭਗਵਤੀ ਜਾਗਰਣ ਦੀ ਸਟੇਜ 'ਤੇ ਚੜ੍ਹਨ ਦੀ ਫੋਟੋ ਹੋਈ ਵਾਇਰਲ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 3 ਅਕਤੂਬਰ 2022
ਪੁਲਿਸ ਜਿਲ੍ਹਾ ਗੁਰਦਾਸਪੁਰ ਦੇ ਅਧੀਨ ਥਾਣਾ ਬਹਿਰਾਮਪੁਰ ਦੀ ਥਾਣਾ ਇੰਚਾਰਜ ਮੈਡਮ ਦੀਪਕਾ ਵੱਲੋਂ ਬੂਟ ਪਾ ਕੇ ਪੁਲਸ ਕਰਮਚਾਰੀਆਂ ਸਮੇਤ ਰਾਮ ਲੀਲਾ ਦੀ ਸਟੇਜ ਤੇ ਚੜ੍ਹਨ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਹੋਰ ਠਾਣੇਦਾਰ ਦੀ ਬੂਟ ਪਾ ਕੇ ਭਗਵਤੀ ਜਾਗਰਣ ਦੀ ਸਟੇਜ ਤੇ ਚੜ੍ਹਨ ਦੀ ਫੋਟੋ ਵਾਇਰਲ ਹੋ ਰਹੀ ਹੈ ਹਾਲਾਂਕਿ ਥਾਣੇਦਾਰ ਨੇ ਫੋਟੋ ਵਾਇਰਲ ਹੋਣ ਤੋਂ ਬਾਅਦ ਸਫਾਈ ਦਿੱਤੀ ਹੈ ਕਿ ਇਹ ਗ਼ਲਤੀ ਨਾਲ ਹੋਇਆ।
ਸੋਸ਼ਲ ਮੀਡੀਆ ਤੇ ਪਾਈ ਗਈ ਇੱਕ ਪੋਸਟ ਵਿੱਚ ਥਾਣਾ ਪੁਰਾਣਾ ਸ਼ਾਲਾ ਦੇ ਐਸਐਚਓ ਹਰਿੰਦਰ ਸਿੰਘ ਬੂਟ ਪਾ ਕੇ ਇੱਕ ਭਗਵਤੀ ਜਾਗਰਣ ਦੀ ਸਟੇਜ ਤੇ ਚੜ੍ਹੇ ਹੋਏ ਨਜ਼ਰ ਆ ਰਹੇ ਹਨ ਅਤੇ ਜਾਗਰਣ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੇ ਹਨ। ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸ਼ਿਵ ਸੈਨਾ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਨੇ ਪੁਲੀਸ ਅਧਿਕਾਰੀਆਂ ਤੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦੇ ਹੋਏ ਇਹਨਾ ਪੁਲਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਐਸ ਐਚ ਓ ਹਰਿੰਦਰ ਸਿੰਘ ਨਾਲ ਜਦੋਂ ਇਸ ਸਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਇਹ ਸਭ ਜਲਦਬਾਜ਼ੀ ਵਿਚ ਗਲਤੀ ਨਾਲ ਹੋਇਆ ਹੈ।