ਆਸ਼ਾ ਸੁਪਰਵਾਈਜ਼ਰਾਂ ਅਤੇ ਵਰਕਰਾਂ ਲਈ ਪਰਾਲੀ ਦੀ ਸੁਚੱਜੀ ਸੰਭਾਲ ਸਬੰਧੀ ਟਰੇਨਿੰਗ ਕਰਾਈ ਗਈ
ਮਨਜੀਤ ਢੱਲਾ
ਫ਼ਰੀਦਕੋਟ, 05 ਅਕਤੂਬਰ 2022 - ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਝੋਨੇ ਅਤੇ ਬਾਸਮਤੀ ਦੀ ਪਰਾਲੀ ਦੀ ਸੁਚੱਜੀ ਸੰਭਾਲ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਹਾਜਿਰ ਸੁਪਰਵਾਈਜ਼ਰਾਂ ਅਤੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਰਾਲੀ ਨੂੰ ਨਾਂ ਸਾੜਣ ਸਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸੀਜਨ ਦੌਰਾਨ ਕਿਸਾਨ ਨਵੀਆਂ ਤਕਨੀਕਾਂ ਦੀ ਵਰਤੋ ਕਰਕੇ ਖੇਤੀ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰ ਸਕਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ।
ਟਰੇਨਿੰਗ ਦੌਰਾਨ ਇੰਜ. ਅਕਸਿ਼ਤ ਜੈਨ, ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਖੇਤੀ ਮਸ਼ੀਨਰੀ ਅਤੇ ਆਈ-ਖੇਤ ਐਪ ਸਬੰਧੀ ਟਰੇਨਿੰਗ ਦਿਤੀ ਅਤੇ ਹਾਜਿਰ ਬੀਬੀਆਂ ਨੂੰ ਐਪ ਡਾਊਨਲੋਡ ਕਰਵਾਈ ਗਈ। ਇੰਜ. ਹਰਚਰਨ ਸਿੰਘ ਖੇਤੀਬਾੜੀ ਇੰਜੀਨੀਅਰ ਨੇ ਟਰੇਨਿੰਗ ਵਿੱਚ ਪਹੁੰਚੀਆਂ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਬੀਬੀਆਂ ਦਾ ਧੰਨਵਾਦ ਕੀਤਾ। ਡਾ. ਲਖਵੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨੇ ਸਟੇਜ ਦਾ ਸੰਚਾਲਣ ਕੀਤਾ ਗਿਆ ।