ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ 'ਨੇਕੀ ਦੀ ਦੀਵਾਰ ਲੋਕਾਂ ਨੂੰ ਸਮਰਪਿਤ ਕਰਦੇ ਹੋਏ
ਦੀਦਾਰ ਗੁਰਨਾ
ਰੂਪਨਗਰ 06 ਸਤੰਬਰ : ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਜਿਵੇਂ ਕਿ ਕੱਪੜੇ, ਭਾਂਡੇ, ਜੁੱਤੀਆਂ ਆਦਿ ਲੋੜਾਂ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੁਵਿਧਾ ਕੇਂਦਰ ਨੇੜੇ ਤਿਆਰ ਕੀਤੀ 'ਨੇਕੀ ਦੀ ਦੀਵਾਰ' ਲੋਕਾਂ ਨੂੰ ਸਮਰਪਿਤ ਕੀਤੀ ਗਈ , ਜਿਹੜੇ ਲੋਕਾਂ ਕੋਲ ਕੱਪੜੇ, ਜੁੱਤੀਆਂ,ਭਾਂਡੇ ਆਦਿ ਵਾਧੂ ਹਨ ਅਤੇ ਉਹ ਸਹਾਇਤਾ ਦੇ ਰੂਪ ਵਿੱਚ ਇਹ ਸਮਾਨ ਕਿਸੇ ਨੂੰ ਦੇਣਾ ਚਾਹੁੰਦੇ ਹਨ ਤਾਂ ਉਹ ਇਸ ਨੇਕੀ ਦੀ ਦੀਵਾਰ ਵਿਖੇ ਉਹ ਸਮਾਨ ਰੱਖ ਸਕਦੇ ਹਨ ਅਤੇ ਲੋੜਵੰਦ ਇਹ ਸਮਾਨ ਇੱਥੋਂ ਲੈ ਸਕਦੇ ਹਨ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਇਥੇ ਆਪਣੇ ਬੱਚਿਆਂ ਦੇ ਪੁਰਾਣੇ ਖਿਡੌਣੇ ਵੀ ਦੇ ਸਕਦੇ ਹਨ ਤਾਂ ਕਿ ਜਦੋਂ ਗਰੀਬ ਲੋਕਾਂ ਦੇ ਬੱਚਿਆਂ ਨੂੰ ਇਹ ਸਾਮਾਨ ਦਿੱਤਾ ਜਾਵੇ ਤਾਂ ਉਨ੍ਹਾਂ ਬੱਚਿਆਂ ਦੇ ਚਿਹਰੇ 'ਤੇ ਖੁਸ਼ੀ ਆ ਸਕੇ , ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਪਏ ਵਾਧੂ, ਕੱਪੜੇ, ਜੁੱਤੀਆਂ, ਖਿਡੌਣੇ ਆਦਿ ਨੂੰ ਲੈ ਕੇ ਆਉਣ ਤਾਂ ਕਿ ਇਹ ਸਾਮਾਨ ਉਨ੍ਹਾਂ ਲੋਕਾਂ ਦੇ ਕੰਮ ਆ ਸਕੇ,ਜਿਹੜੇ ਆਰਥਿਕ ਕਮਜੋਰੀ ਕਾਰਨ ਇਹ ਸਮਾਨ ਨਹੀਂ ਖਰੀਦ ਸਕਦੇ , ਇਸ ਮੌਕੇ ਪੀ ਸੀ ਐੱਸ ਅਧਿਕਾਰੀ ਅਰਵਿੰਦ ਪਾਲ ਸਿੰਘ ਸੋਮਲ, ਸਕੱਤਰ ਰੈਡ ਕਰਾਸ ਗੁਰਸੋਹਨ ਸਿੰਘ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ