← ਪਿਛੇ ਪਰਤੋ
ਪੰਜਾਬੀ ਯੂਨੀਵਰਸਿਟੀ ਵਿਖੇ ਐਰਗੋਨੋਂਮਿਕਸ ਨੂੰ ਲੈ ਕੇ ਤਿੰਨ ਰੋਜ਼ਾ ਕਾਨਫਰੰਸ ਆਰੰਭ ਪਟਿਆਲਾ, 24 ਨਵੰਬਰ, 2022: ਐਰਗੋਨੋਂਮਿਕਸ ਦੇ ਖੇਤਰ ਵਿੱਚ ਸਰਗਰਮ ਕੌਮਾਂਤਰੀ ਅਤੇ ਕੌਮੀ ਅਦਾਰਿਆਂ ਦੇ ਮੁੱਖ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਤਿੰਨ- ਰੋਜ਼ਾ ਕਾਨਫਰੰਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ੁਰੂ ਹੋ ਗਈ। ਐਰਗੋਨੋਂਮਿਕਸ ਦਾ ਵਿਸ਼ਾ ਖੇਡਾਂ ਅਤੇ ਇੰਜੀਨੀਅਰਿੰਗ ਦੇ ਖੇਤਰ ਨਾਲ ਵਾਬਸਤਾ ਹੈ ਜਿਸ ਵਿੱਚ ਖੇਡਾਂ ਦੌਰਾਨ ਮਨੁੱਖੀ ਸਰੀਰ ਦੇ ਉਤੇ ਪੈਣ ਵਾਲੇ ਅਸਰ ਦਾ ਅੰਦਾਜ਼ਾ ਲਿਆ ਜਾਂਦਾ ਹੈ ਅਤੇ ਉਸ ਮੁਤਾਬਕ ਨਵੀਂ ਤਕਨੀਕ ਦਾ ਵਿਕਾਸ ਕੀਤਾ ਜਾਂਦਾ ਹੈ। ਇੰਟਰਨੈਸ਼ਨਲ ਐਰਗੋਨੋਂਮਿਕਸ ਐਸੋਸੀਏਸ਼ਨ ਦੇ ਪ੍ਰਧਾਨ ਜੋਨਸ ਓਰਲੈਂਡੋਂ ਗੋਮਸ ਨੇ ਉਦਘਾਟਨੀ ਸਮਾਗਮ ਦੌਰਾਨ ਇਸ ਕਾਨਫਰੰਸ ਦੀ ਅਹਿਮੀਅਤ ਦੱਸਦੇ ਹੋਏ ਕਿਹਾ ਕਿ ਇਹ ਕਾਨਫਰੰਸ ਸਿਰਫ਼ ਐਰਗੋਨੋਂਮਿਕਸ ਦੇ ਖੇਤਰ ਵਿੱਚ ਦਿਲਚਸਪੀ ਲੈਣ ਵਾਲੇ ਮਾਹਿਰਾਂ, ਵਿਦਿਆਰਥੀਆਂ/ਖੋਜਾਰਥੀਆਂ ਲਈ ਹੀ ਅਹਿਮ ਨਹੀਂ ਹੈ ਸਗੋਂ ਬਰਿਕਸ ਦੇ ਮੁਲਕਾਂ ਦੇ ਆਪਸੀ ਤਾਲਮੇਲ ਵਿੱਚ ਯੂਨੀਵਰਸਿਟੀਆਂ ਵਰਗੇ ਅਦਾਰਿਆਂ ਦੀ ਅਹਿਮੀਅਤ ਨੂੰ ਸਮਝਣ ਲਈ ਵੀ ਅਹਿਮ ਹੈ। ਉਦਘਾਟਨੀ ਸਮਾਗਮ ਵਿੱਚ ਇੰਡੀਅਨ ਐਸੋਸੀਏਸ਼ਨ ਆਫ਼ ਐਰਗੋਨੋਂਮਿਕਸ ਦੇ ਪ੍ਰਧਾਨ ਪ੍ਰੋ. ਏ. ਕੇ ਗਾਂਗੁਲੀ ਅਤੇ ਏਸ਼ੀਅਨ ਕਾਉਂਸਲ ਆਨ ਐਰਗੋਨੋਂਮਿਕਸ ਐਂਡ ਡਿਜਾਇਨ ਦੇ ਮੁਖੀ ਪ੍ਰੋ. ਦੇਵਕੁਮਾਰ ਚੱਕਰਵਰਤੀ ਨੇ ਆਪਣੇ ਕੌਮਾਂਤਰੀ ਪ੍ਰਧਾਨ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਦੱਸਿਆ ਕਿ ਇਸ ਖੇਤਰ ਵਿੱਚ ਖੋਜ ਨੂੰ ਬੇਹਤਰ ਬਣਾਉਣਾ ਅਤੇ ਇਸ ਨਾਲ ਜੁੜੀਆਂ ਸਹੂਲਤਾਂ ਬਰਿਕਸ ਨਾਲ ਜੁੜੇ ਮੁਲਕਾਂ ਵਿੱਚ ਵਿਕਸਿਤ ਕਰਨਾ ਬਹੁਤ ਅਹਿਮ ਹੈ। ਉਦਘਾਟਨੀ ਸਮਾਗਮ ਦੌਰਾਨ ਸੁਆਗਤੀ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਅਜਿਹੀਆਂ ਕੌਮਾਂਤਰੀ ਕਾਨਫਰੰਸਾਂ ਦਾ ਮੁੱਖ ਮਕਸਦ ਖੋਜ ਦੇ ਮਿਆਰ ਨੂੰ ਉੱਚ ਚੁੱਕ ਕੇ ਉਸ ਥਾਂ ‘ਤੇ ਲੈ ਕੇ ਜਾਣਾ ਹੈ ਜਿੱਥੇ ਜਾਣੇ ਅਤੇ ਅਨਜਾਣੇ ਦੀ ਹੱਦ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਸਰੀਰ ਦੀ ਪੇਚੀਦਗੀ ਬਾਰੇ ਹਾਲੇ ਬਹੁਤ ਕੁਝ ਸਮਝਿਆ ਜਾਣਾ ਬਾਕੀ ਹੈ ਜਿਸਦੇ ਨਤੀਜੇ ਵਜੋਂ ਇਸ ਖੇਤਰ ਵਿੱਚ ਖੋਜ ਕਰਨ ਦੀ ਗੁੰਜਾਇਸ਼ ਬਹੁਤ ਜਿਆਦਾ ਹੈ। ਉਨ੍ਹਾਂ ਇਸ ਖੇਤਰ ਵਿੱਚ ਖੋਜ ਅਤੇ ਸਿੱਖਿਆ ਦੇ ਮਾਮਲੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਅਹਿਮੀਅਤ ਨੂੰ ਦਰਸਾਉਂਦਿਆਂ ਦੱਸਿਆ ਕਿ ਇਸ ਖਿੱਤੇ ਵਿੱਚ ਐਰਗੋਨੋਂਮਿਕਸ ਵਰਗੇ ਗਿਆਨ ਦਾ ਪਸਾਰਾ ਪੰਜਾਬੀ ਯੂਨੀਵਰਸਿਟੀ ਦੀ ਤਰਜੀਹ ਵਿੱਚ ਸ਼ਾਮਿਲ ਹੈ। ਇਸ ਕਾਨਫਰੰਸ ਅਤੇ ਸਪੋਰਟਸ ਸਾਇੰਸ ਵਿਭਾਗ ਦੀ ਮੁਖੀ ਪ੍ਰੋ. ਅਜੀਤਾ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਮਾਹਿਰਾਂ ਅਤੇ ਖੋਜਾਰਥੀਆਂ ਨੇ 400 ਤੋਂ ਜਿਆਦਾ ਪਰਚੇ ਭੇਜੇ ਹਨ। ਪਹਿਲੇ ਦਿਨ 250 ਤੋਂ ਜਿਆਦਾ ਡੈਲੀਗੇਟਾਂ ਨੇ ਆਪਣਾ ਪੰਜੀਕਰਣ ਕਰਵਾਇਆ। ਪੂਰੇ ਦਿਨ ਦੌਰਾਨ 70 ਪਰਚੇ ਪੜ੍ਹੇ ਗਏ ਜਿਨ੍ਹਾਂ ਨੂੰ ਵੱਖ-ਵੱਖ ਸਥਾਨਾਂ ਉਤੇ ਚੱਲ ਰਹੇ ਸ਼ੈਸ਼ਨਾ ਵਿੱਚ ਪੇਸ਼ ਕੀਤਾ ਗਿਆ । ਸ਼ਾਮਿਲ ਹੋਣ ਵਾਲੇ ਡੈਲੀਗੇਟ 4 ਵਿਦੇਸ਼ੀ ਮੁਲਕਾਂ ਅਤੇ ਭਾਰਤ ਦੀਆਂ ਸਾਰੀਆਂ ਆਈ.ਆਈ.ਟੀ ਵਿੱਚੋਂ ਵੀ ਆਏ ਹਨ।
Total Responses : 940