ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਫਿਰ ਤੋਂ ਜਾਮ ਕਰਨ ਦੀ ਦਿੱਤੀ ਚਿਤਾਵਨੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 30 ਨਵੰਬਰ 2022
ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਪੰਜਾਬ ਭਰ ਚ ਅੱਜ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਡਿੱਪੂਆਂ ਵਿਖੇ ਗੇਟ ਰੈਲੀਆਂ ਕੀਤੀਆਂ ਗਈਆਂ।ਇਸੇ ਦੇ ਤਹਿਤ ਬਟਾਲਾ ਡਿਪੂ ਵਿਖੇ ਵੀ ਇਹਨਾਂ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾ ਨੂੰ ਲੈਕੇ ਅਵਾਜ ਬੁਲੰਦ ਕਰਦੇ ਹੋਏ ਇਹਨਾਂ ਮੁਲਾਜ਼ਮਾਂ ਨੇ ਕਿਹਾ ਕਿ ਮੁਲਾਜ਼ਮਾਂ ਨਾਲ ਜੋ ਵਾਅਦੇ ਕਰਕੇ ਆਮ ਆਦਮੀ ਪਾਰਟੀ ਸੱਤਾ ਚ ਆਈ ਸੀ ਉਸ ਤੋਂ ਉਹ ਮੁਕਰ ਰਹੀ ਹੈ ਅਤੇ ਉਹਨਾਂ ਦੇ ਕੱਚੇ ਕਾਮੇ ਪੱਕੇ ਕਰਨ ਦੀ ਮੰਗ ਨੂੰ ਛੱਡ ਉਲਟ ਆਊਟਸੌਰਸ ਤੇ ਭਰਤੀ ਕਰ ਰਹੀ ਹੈ। ਜਿਸ ਦੇ ਵਿਰੋਧ ਚ ਉਹਨਾਂ ਵਲੋਂ ਆਉਣ ਵਾਲੇ ਦਿਨਾਂ ਚ ਪੰਜਾਬ ਭਰ ਚ ਪੂਰਨ ਤੌਰ ਤੇ ਟ੍ਰਾੰਸਪੋਰਟ ਬੰਦ ਕਰ ਮੁਕੰਮਲ ਹੜਤਾਲ ਕੀਤੀ ਜਾਵੇਗੀ |
ਬਟਾਲਾ ਵਿਖੇ ਪੰਜਾਬ ਰੋਡਵੇਜ਼ ਦੇ ਡਿਪੋ ਵਿਖੇ ਗੇਟ ਰੈਲੀ ਕਰ ਰਹੇ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਰਕਰਾਂ ਨੇ ਕਿਹਾ ਕਿ ਉਹਨਾਂ ਵਲੋਂ ਲਗਾਤਾਰ ਆਪਣੀਆਂ ਮੰਗਾ ਜਿਸ ਚ ਮੁਖ ਤੌਰ ਕੱਚੇ ਮੁਲਾਜ਼ਮ ਪੱਕੇ ਕਰੋ ਨੂੰ ਲੈਕੇ ਸਮੇ ਤੇ ਸਰਕਾਰ ਨੂੰ ਮੰਗ ਪੱਤਰ ਦਿਤੇ ਗਏ ਅਤੇ ਸੰਘਰਸ਼ ਕੀਤਾ ਗਿਆ। ਮੁਲਾਜ਼ਮਾਂ ਨੇ ਚੋਣਾਂ ਦੌਰਾਨ ਆਪ ਪਾਰਟੀ ਦਾ ਖੁਲ ਕੇ ਸਮਰਥਨ ਕੀਤਾ ਸੀ ਕਿਉਂਕਿ ਭਗਵੰਤ ਮਾਨ ਨੇ ਉਹਨਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਅੱਜ ਹਾਲਾਤ ਉਲਟ ਹੋ ਗਏ ਕਿ ਪੱਕੇ ਕਰਨਾ ਤਾ ਦੂਰ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚ ਆਈ ਹੈ ਉਦੋਂ ਤੋਂ ਉਹਨਾਂ ਨੂੰ ਵੇਤਨ ਵੀ ਸਮੇ ਨਾਲ ਨਹੀਂ ਮਿਲ ਰਿਹਾ।ਉਲਟ ਨਵੇਂ ਤੌਰ ਤੇ ਵਿਭਾਗ ਵਲੋਂ ਆਊਟ ਸੌਰਸ ਤੇ ਭਰਤੀ ਕੀਤੀ ਜਾ ਰਹੀ ਹੈ ਜਿਸ ਦਾ ਉਹ ਵਿਰੋਧ ਕਰਦੇ ਹਨ। ਇਸ ਦੇ ਨਾਲ ਹੀ ਸਰਕਾਰ ਖਿਲਾਫ ਜੰਮਕੇ ਨਾਰੇਬਾਜੀ ਕਰਦੇ ਇਹਨਾਂ ਮੁਲਾਜਿਮਾ ਦਾ ਕਹਿਣਾ ਸੀ ਕਿ ਉਹਨਾਂ ਦੀਆ ਲੰਬੇ ਸਮੇ ਤੋਂ ਲਟਕ ਰਹੀਆਂ ਮੰਗਾ ਪ੍ਰਤੀ ਸਰਕਾਰ ਵਲੋਂ ਕੋਈ ਸੰਜ਼ੀਦਗੀ ਨਹੀਂ ਦਿਖਾਈ ਜਾ ਰਹੀ ਹੈ , ਇਸੇ ਦੇ ਚਲਦੇ ਉਹਨਾਂ ਵਲੋਂ ਆਉਣ ਵਾਲੇ ਸਮੇ ਚ ਸੰਘਰਸ਼ ਤੇਜ਼ ਕਰਦੇ ਪੰਜਾਬ ਭਰ ਪੂਰਨ ਤੌਰ ਤੇ ਹੜਤਾਲ ਕੀਤੀ ਜਾਵੇਗੀ ਅਤੇ ਪੰਜਾਬ ਭਰ ਚ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ |