ਲਿੰਗ ਆਧਾਰਿਤ ਹਿੰਸਾ ਵਿਰੁੱਧ ਕੱਢੀ ਜਾਗਰੂਕ ਰੈਲੀ
ਪਟਿਆਲਾ, 2 ਦਸੰਬਰ 2022 : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਬਰੀ ਪ੍ਰਸ਼ਾਦ ਕਲੱਸਟਰ ਲੈਵਲ ਫੈਡਰੇਸ਼ਨ ਬਲਬੇੜਾ ਵਿਖੇ ਲਿੰਗ ਆਧਾਰਿਤ ਹਿੰਸਾ ਵਿਰੁੱਧ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਹਿੰਸਾ ਵਿਰੁੱਧ ਦਿਵਸ ਮਨਾਇਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਬਲਬੇੜਾ ਦੀ ਸਬਰੀ ਪ੍ਰਸਾਦ ਕਲੱਸਟਰ ਲੈਵਲ ਫੈਡਰੇਸ਼ਨ ਨੇ ਜਿੱਥੇ ਬਲਬੇੜਾ ਦੇ ਬਾਜ਼ਾਰ ਵਿੱਚ ਲਿੰਗ ਆਧਾਰਿਤ ਹਿੰਸਾ, ਵਿਤਕਰੇ ਦੇ ਵਿਰੁੱਧ ਝਾਕੀ ਕੱਢੀ ਉੱਥੇ ਸਮੂਹਾਂ ਦੇ ਮੈਂਬਰਾਂ ਨੇ ਮੀਟਿੰਗ ਵਿੱਚ ਗੱਲਬਾਤ ਕਰਦੇ ਹੋਏ ਆਪਣੇ ਨਿੱਜੀ ਤਜਰਬੇ ਵੀ ਸਾਂਝੇ ਕੀਤੇ ਅਤੇ ਦੱਸਿਆ ਕਿ ਔਰਤ ਨੂੰ ਜਨਮ ਤੋਂ ਹੀ ਵਿਤਕਰਿਆਂ ਅਤੇ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਆਜੀਵਿਕਾ ਮਿਸ਼ਨ ਦੇ ਤਹਿਤ ਔਰਤਾਂ ਹਿੰਸਾ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਅਤੇ ਰਲ ਕੇ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ। ਇਸ ਤੋਂ ਇਲਾਵਾ ਬਲਾਕ ਪ੍ਰੋਗਰਾਮ ਮੈਨੇਜਰ ਨਵਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਔਰਤਾਂ ਆਪਣੇ ਹੱਕ ਲਈ ਆਪ ਅੱਗੇ ਆਉਣ ਅਤੇ ਆਪਣੀ ਸਹਾਇਤਾ ਆਪ ਕਰਨੀ ਸਿੱਖਣ ਤਾਂ ਕਿ ਅਸਲ ਨਾਰੀ ਸਸ਼ਕਤੀਕਰਨ ਦੀ ਪਰਿਭਾਸ਼ਾ ਨੂੰ ਸਿੱਧ ਕੀਤਾ ਜਾ ਸਕੇ।
ਇਸ ਮੌਕੇ ਕਲੱਸਟਰ ਕੋ-ਆਰਡੀਨੇਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਔਰਤ ਸਮੂਹਾਂ ਵਿੱਚ ਹਿੰਸਾ ਦਾ ਸ਼ਿਕਾਰ ਹੈ ਤਾਂ ਉਹ ਆਪਣੇ ਸਵੈ ਸਹਾਇਤਾ ਸਮੂਹ ਵਿੱਚ ਆਪਣੀ ਗੱਲ ਰੱਖੇ ਅਤੇ ਇਸ ਦਾ ਹੱਲ ਪਿੰਡ ਪੱਧਰ ਤੇ ਹੀ ਕਰਨ ਦੀ ਕੋਸ਼ਿਸ਼ ਕਰੇ। ਜੇਕਰ ਫਿਰ ਵੀ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਸਰਕਾਰੀ ਸਹਾਇਤਾ ਸੰਪਰਕ ਨੰਬਰ 1930 (ਮਹਿਲਾ) ਅਤੇ 112 (ਸਾਈਬਰ ਸੈੱਲ) ਤੇ ਸੰਪਰਕ ਕਰ ਸਕਦੇ ਹੋ। ਮੀਟਿੰਗ ਵਿੱਚ ਮੈਂਬਰਾਂ ਨੂੰ 'ਨਵੀਂ ਚੇਤਨਾ, ਪਹਿਲ ਬਦਲਾਅ ਦੀ' ਮਹੱਤਤਾ ਬਾਰੇ ਦੱਸਿਆ ਗਿਆ। ਇਸ ਮੌਕੇ ਪੰਦਰਾਂ ਪਿੰਡਾਂ ਤੋਂ ਮਹਿਲਾ ਗ੍ਰਾਮ ਸੰਗਠਨਾਂ ਦੀਆਂ ਔਰਤਾਂ ਅਤੇ ਗੁਰਦੀਪ ਕੌਰ, ਰਾਜ ਰਾਣੀ, ਪਰਮਜੀਤ ਕੌਰ, ਸੀਮਾ ਰਾਣੀ ਅਤੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਹ ਮੁਹਿੰਮ 23 ਦਸੰਬਰ ਤੱਕ ਪੂਰੇ ਭਾਰਤ ਵਿੱਚ ਆਜੀਵਿਕਾ ਮਿਸ਼ਨ ਤਹਿਤ ਚਲਾਈ ਜਾ ਰਹੀ ਹੈ ਜਿਸ ਵਿੱਚ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰ ਆਪਣੀਆਂ ਮਹਿਲਾ ਗ੍ਰਾਮ ਸੰਗਠਨਾਂ ਅਤੇ ਕਲੱਸਟਰ ਲੈਵਲ ਫੈਡਰੇਸ਼ਨ ਰਾਹੀਂ ਆਵਾਜ਼ ਬੁਲੰਦ ਕਰਨਗੇ। ਔਰਤਾਂ ਨੂੰ ਹਿੰਸਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਅਤੇ ਔਰਤ ਸਸ਼ਕਤੀਕਰਨ ਬਾਰੇ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਮਹਿਲਾ ਗ੍ਰਾਮ ਸੰਗਠਨਾਂ ਅਤੇ ਸਮੂਹਾਂ ਰਾਹੀਂ ਜਾਗਰੂਕ ਕੀਤਾ ਜਾਵੇਗਾ ਅਤੇ ਸਹਾਂਗੇ ਨਹੀਂ, ਕਹਾਂਗੇ ਨਾਅਰੇ ਹੇਠ ਮੁਹਿੰਮ ਦੇ ਰੂਪ ਵਿੱਚ ਕੰਮ ਕੀਤਾ ਜਾਵੇਗਾ।